ਦੀਰ ਅਲ-ਬਲਾਹ : ਗਾਜ਼ਾ ਪੱਟੀ ’ਚ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ ਘੱਟ 14 ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ’ਚ ਜ਼ਿਆਦਾ ਗਿਣਤੀ ਮਹਿਲਾਵਾਂ ਤੇ ਬੱਚਿਆਂ ਦੀ ਹੈ। ਇਸ ਹਮਲੇ ’ਚ ਸਾਲਸ ਮੁਲਕਾਂ ਵੱਲੋਂ ਮਲਬਾ ਹਟਾਉਣ ਲਈ ਮੁਹੱਈਆ ਕੀਤੇ ਗਏ ਬੁਲਡੋਜ਼ਰ ਤੇ ਹੋਰ ਭਾਰੀ ਮਸ਼ੀਨਰੀ ਵੀ ਤਬਾਹ ਹੋ ਗਈ ਹੈ। ਇਸੇ ਤਰ੍ਹਾਂ ਅੱਜ ਲਿਬਨਾਨ ’ਤੇ ਕੀਤੇ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਹਮਾਸ ਖ਼ਿਲਾਫ਼ ਇਜ਼ਰਾਈਲ ਦੀ 18 ਮਹੀਨੇ ਤੋਂ ਚੱਲ ਰਹੀ ਜੰਗੀ ਮੁਹਿੰਮ ’ਚ ਗਾਜ਼ਾ ਦਾ ਵੱਡਾ ਇਲਾਕਾ ਤਬਾਹ ਹੋ ਗਿਆ ਹੈ, ਜਿਸ ਤੋਂ ਇਹ ਖਦਸ਼ਾ ਵਧ ਗਿਆ ਹੈ ਕਿ ਇਸ ਦਾ ਵਧੇਰੇ ਹਿੱਸਾ ਮੁੜ ਕਦੀ ਨਾ ਬਣਾਇਆ ਜਾ ਸਕੇ। ਇਸ ਖੇਤਰ ’ਚ ਪਹਿਲਾਂ ਤੋਂ ਹੀ ਭਾਰੀ ਉਪਕਰਨਾਂ ਦੀ ਘਾਟ ਹੈ ਜਿਨ੍ਹਾਂ ਦੀ ਇਜ਼ਰਾਇਲੀ ਹਮਲਿਆਂ ਮਗਰੋਂ ਮਲਬੇ ਹੇਠੋਂ ਲੋਕਾਂ ਨੂੰ ਬਚਾਉਣ ਤੇ ਅਹਿਮ ਸੜਕਾਂ ਨੂੰ ਸਾਫ ਕਰਨ ਲਈ ਜ਼ਰੂਰਤ ਹੈ। ਉੱਤਰੀ ਗਾਜ਼ਾ ਦੇ ਜਬਾਲੀਆ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲੀ ਹਮਲੇ ਵਿੱਚ ਮਿਸਰ ਤੇ ਕਤਰ ਵੱਲੋਂ ਮੁਹੱਈਆ ਕੀਤੇ ਗਏ ਨੌਂ ਬੁਲਡੋਜ਼ਰ ਤਬਾਹ ਹੋ ਗਏ ਹਨ। ਇਜ਼ਰਾਈਲ ਨੇ ਪਿਛਲੇ ਮਹੀਨੇ ਜੰਗਬੰਦੀ ਖਤਮ ਕਰਕੇ ਗਾਜ਼ਾ ’ਤੇ ਹਮਲੇ ਮੁੜ ਸ਼ੁਰੂ ਕਰ ਦਿੱਤੇ ਸਨ, ਜਿਸ ਨਾਲ ਖਿੱਤੇ ’ਚ ਦੋ ਲੱਖ ਫਲਸਤੀਨੀਆਂ ਨੂੰ ਖੁਰਾਕ, ਈਂਧਣ ਤੇ ਮੈਡੀਕਲ ਸਪਲਾਈ ਸਮੇਤ ਹੋਰ ਸਾਰੀਆਂ ਦਰਾਮਦਾਂ ਤੋਂ ਵਾਂਝਾ ਕਰ ਦਿੱਤਾ ਹੈ। ਦੂਜੇ ਪਾਸੇ ਇਜ਼ਰਾਇਲੀ ਸੈਨਾ ਨੇ ਕਿਹਾ ਕਿ ਉਹ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਮੌਤਾਂ ਲਈ ਹਮਾਸ ਜ਼ਿੰਮੇਵਾਰ ਹੈ ਕਿਉਂਕਿ ਉਹ ਰਿਹਾਇਸ਼ੀ ਇਲਾਕਿਆਂ ’ਚੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ। ਇਜ਼ਰਾਇਲੀ ਸੈਨਾ ਨੇ ਦਾਅਵਾ ਕੀਤਾ ਕਿ ਉਸ ਨੇ ਹੁਣ ਤੱਕ 20 ਹਜ਼ਾਰ ਹਮਾਸ ਅਤਿਵਾਦੀ ਮਾਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 51 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ।