ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਸਾਊਦੀ ਅਰਬ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਸਾਊਦੀ ਅਰਬ ਰਵਾਨਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਸਾਊਦੀ ਅਰਬ ਰਵਾਨਾ ਹੋ ਗਏ ਹਨ। ਸ੍ਰੀ ਮੋਦੀ ਦੀ ਸਾਊਦੀ ਅਰਬ ਦੀ ਤੀਜੀ ਤੇ ਇਤਿਹਾਸਕ ਸ਼ਹਿਰ ਜੇਦਾਹ ਦੀ ਪਲੇਠੀ ਫੇਰੀ ਹੈ। ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ ਸੱਦੇ ’ਤੇ ਸਾਊਦੀ ਅਰਬ ਲਈ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਇਕ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸਾਊਦੀ ਅਰਬ ਨਾਲ ਆਪਣੇ ਲੰਬੇ ਅਤੇ ਇਤਿਹਾਸਕ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਹਾਲੀਆ ਸਾਲਾਂ ਦੌਰਾਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੇ ਇੱਕ ਰਣਨੀਤਕ ਡੂੰਘਾਈ ਅਤੇ ਰਫ਼ਤਾਰ ਪ੍ਰਾਪਤ ਕੀਤੀ ਹੈ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮੋਦੀ ਸਾਊਦੀ ਅਰਬ ਨਾਲ 6 ਸਮਝੌਤਿਆਂ ’ਤੇ ਸਹੀ ਪਾਉਣਗੇ। ਪ੍ਰਧਾਨ ਮੰਤਰੀ ਸ਼ਹਿਜ਼ਾਦੇ ਨਾਲ ਹੱਜ ਕੋਟੇ ਬਾਰੇ ਵੀ ਚਰਚਾ ਕਰਨਗੇ।

ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਰਸਪਰ ਲਾਭਦਾਇਕ ਅਤੇ ਠੋਸ ਭਾਈਵਾਲੀ ਵਿਕਸਤ ਕੀਤੀ ਹੈ, ਜਿਸ ਵਿੱਚ ਰੱਖਿਆ, ਵਪਾਰ, ਨਿਵੇਸ਼, ਊਰਜਾ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ ਦੇ ਖੇਤਰ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਖੇਤਰੀ ਸ਼ਾਂਤੀ, ਖੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਸਾਡੇ ਸਾਂਝੇ ਹਿੱਤ ਅਤੇ ਵਚਨਬੱਧਤਾ ਹੈ।’’ ਉਨ੍ਹਾਂ ਕਿਹਾ ਕਿ ਉਹ ਰਣਨੀਤਕ ਭਾਈਵਾਲੀ ਪ੍ਰੀਸ਼ਦ Strategic Partnership Council ਦੀ ਦੂਜੀ ਮੀਟਿੰਗ ਵਿੱਚ ਹਿੱਸਾ ਲੈਣ ਅਤੇ 2023 ਵਿੱਚ ਮੁਹੰਮਦ ਬਿਨ ਸਲਮਾਨ ਦੇ ਭਾਰਤ ਦੇ ਬਹੁਤ ਸਫਲ ਸਰਕਾਰੀ ਦੌਰੇ ਨੂੰ ਅੱਗੇ ਵਧਾਉਣ ਲਈ ਉਤਸੁਕ ਹਨ। ਮੋਦੀ ਨੇ ਸ਼ਹਿਜ਼ਾਦੇ ਨੂੰ ‘ਮੇਰਾ ਭਰਾ’ ਦੱਸਿਆ। ਧਾਨ ਮੰਤਰੀ ਨੇ  ਕਿਹਾ ਕਿ ਉਹ ਸਾਊਦੀ ਅਰਬ ਵਿੱਚ ‘ਜੀਵੰਤ’ ਭਾਰਤੀ ਭਾਈਚਾਰੇ ਨਾਲ ਜੁੜਨ ਲਈ ਉਤਸੁਕ ਹਨ, ਜੋ ਦੋਵਾਂ ਮੁਲਕਾਂ ਦਰਮਿਆਨ ਜੀਵੰਤ ਪੁਲ ਵਜੋਂ ਕੰਮ ਕਰਨ ਦੇ ਨਾਲ ਸੱਭਿਆਚਾਰਕ ਤੇ ਮਨੁੱਖੀ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀ ਮੋਦੀ ਤੋਂ ਪਹਿਲਾਂ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਲਗਪਗ ਸੱਤ ਦਹਾਕਿਆਂ ਵਿੱਚ ਤਿੰਨ ਵਾਰ ਸਾਊਦੀ ਅਰਬ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਖਾੜੀ ਖੇਤਰ ਦੇ ਕਿਸੇ ਦੇਸ਼ ਦੀ 15ਵੀਂ ਯਾਤਰਾ ਹੈ।

Share: