ਲਾਲੜੂ : ਲਹਿਲੀ-ਬਨੂੜ ਰੋਡ ‘ਤੇ ਪੈਂਦੇ ਪਿੰਡ ਮਨੌਲੀ ਸੂਰਤ ਦੇ ਨੇੜੇ ਬੀਤੀ ਦੇਰ ਰਾਤ ਪ੍ਰਧਾਨ ਢਾਬੇ ਦੇ ਸੰਚਾਲਕ ’ਤੇ ਪੰਜ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਇਸ ਕਾਰਨ ਢਾਬਾ ਸੰਚਾਲਕ ਬੁਰੀ ਤਰ੍ਹਾਂ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਇਲਾਜ ਲਈ ਨੀਲਮ ਹਸਪਤਾਲ ਬਨੂੜ ਵਿਖੇ ਦਾਖਲ ਕਰਵਾਇਆ। ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਦੱਸੀ ਜਾ ਰਹੀ ਹੈ।
ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ, ‘ਪ੍ਰਧਾਨ ਢਾਬਾ’ ਜਿਸ ਦਾ ਮਾਲਕ ਪੰਚ ਜਸਪਾਲ ਸਿੰਘ ਵਾਸੀ ਪਿੰਡ ਮਮੋਲੀ ਹੈ, ਨੂੰ ਕਿਰਾਏ ‘ਤੇ ਲੈ ਕੇ ਦਲਵਿੰਦਰ ਸਿੰਘ ਰਿੰਕੂ ਨਾਮੀ ਵਿਅਕਤੀ ਚਲਾ ਰਿਹਾ ਸੀ। ਦੇਰ ਰਾਤ ਕਰੀਬ 10 ਵੱਜੇ ਇੱਕ ਆਟੋ ਚਾਲਕ ਨਾਲ ਰਿੰਕੂ ਦੀ ਥੋੜ੍ਹੀ ਬਹਿਸ ਹੋ ਗਈ ਪਰ ਇਹ ਬਹਿਸ ਵੱਡੇ ਵਿਵਾਦ ਅਤੇ ਖੂਨੀ ਝੜਪ ‘ਚ ਬਦਲ ਗਈ।
ਆਟੋ ਚਾਲਕ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਢਾਬਾ ਮਾਲਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਲਹਿਲੀ ਪੁਲੀਸ ਚੌਂਕੀ ਇੰਚਾਰਜ ਅਜੈ ਸ਼ਰਮਾ ਪੁਲੀਸ ਪਾਰਟੀ ਨਾਲ ਮੌਕੇ ਤੇ ਪੁੱਜ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡੀਐਸਪੀ ਡੇਰਾਬਸੀ ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡ ਮਮੋਲੀ ਦੇ ਸਰਪੰਚ ਅਵਤਾਰ ਸਿੰਘ ਅਤੇ ਪੰਚ ਜਸਪਾਲ ਸਿੰਘ ਜੋ ਢਾਬੇ ਦੇ ਮਾਲਕ ਵੀ ਹਨ, ਨੇ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।