ਨਵੀਂ ਦਿੱਲੀ : ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਆਪਣੇ ਤਿੰਨ ਬੱਚਿਆਂ ਨਾਲ ਭਾਰਤ ਦੀ ਚਾਰ ਰੋਜ਼ਾ ਫੇਰੀ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਅਮਰੀਕੀ ਜਹਾਜ਼ ਇਥੇ ਪਾਲਮ ਏਅਰਬੇਸ ਉੱਤੇ ਉਤਰਿਆ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਵਾਈ ਅੱਡੇ ’ਤੇ ਵੈਂਸ ਪਰਿਵਾਰ ਦਾ ਰੈੱਡ ਕਾਰਪੈੱਟ ਸਵਾਗਤ ਕੀਤਾ। ਹਵਾਈ ਅੱਡੇ ’ਤੇ ਅਮਰੀਕੀ ਉਪ ਰਾਸ਼ਟਰਪਤੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਉਂਝ ਵੈਂਸ ਜੋੜੇ ਦੀ ਆਮਦ ਤੋਂ ਪਹਿਲਾਂ ਇਹਤਿਆਤ ਵਜੋਂ ਪੂਰੀ ਦਿੱਲੀ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਵੈਂਸ ਦੰਪਤੀ ਆਪਣੇ ਤਿੰਨ ਬੱਚਿਆਂ- ਇਵਾਨ, ਵਿਵੇਕ ਤੇ ਮੀਰਾਬੇਲ ਨਾਲ ਸਵੇਰੇ 10 ਵਜੇ ਦੇ ਕਰੀਬ ਪਾਲਮ ਏਅਰਬੇਸ ’ਤੇ ਪਹੁੰਚੇ। ਅਧਿਕਾਰੀ ਨੇ ਕਿਹਾ, ‘‘ਅਸੀਂ ਅਮਰੀਕੀ ਉਪ ਰਾਸ਼ਟਰਪਤੀ ਦੇ ਉੱਚ-ਪੱਧਰੀ ਦੌਰੇ ਲਈ ਸੁਰੱਖਿਆ ਪ੍ਰੋਟੋਕੋਲ ਮੁਤਾਬਕ ਪਹਿਲਾਂ ਹੀ ਮੌਕ ਡ੍ਰਿਲਸ ਕਰ ਚੁੱਕੇ ਹਾਂ। ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਤਾਂ ਜੋ ਸਭ ਕੁਝ ਸੁਚਾਰੂ ਢੰਗ ਨਾਲ ਚੱਲੇ ਅਤੇ ਫੇਰੀ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।’’ ਉਨ੍ਹਾਂ ਕਿਹਾ ਕਿ ਦਿੱਲੀ ਟਰੈਫਿਕ ਪੁਲੀਸ ਯਕੀਨੀ ਬਣਾਏਗੀ ਕਿ ਅਮਰੀਕੀ ਉਪ ਰਾਸ਼ਟਰਪਤੀ ਵੱਲੋਂ ਲਏ ਜਾਣ ਵਾਲੇ ਰਸਤੇ/ਰੂਟ ਸਾਫ਼ ਰਹਿਣ। ਦਿੱਲੀ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ, ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਕਸ਼ਰਧਾਮ ਮੰਦਰ ਜਾਣ ਦਾ ਪ੍ਰੋਗਰਾਮ ਹੈ। ਵੈਂਸ ਦੰਪਤੀ ਰਵਾਇਤੀ ਭਾਰਤੀ ਹੱਥ ਨਾਲ ਬਣੀਆਂ ਚੀਜ਼ਾਂ ਵੇਚਣ ਵਾਲੇ ਇੱਕ ਸ਼ਾਪਿੰਗ ਕੰਪਲੈਕਸ ਦਾ ਵੀ ਦੌਰਾ ਕਰ ਸਕਦੇ ਹਨ। ਅਧਿਕਾਰੀ ਨੇ ਕਿਹਾ, ‘‘ਅਸੀਂ ਅਕਸ਼ਰਧਾਮ ਮੰਦਰ ਵਿਖੇ ਉੱਚ ਸੁਰੱਖਿਆ ਪ੍ਰਬੰਧ ਕੀਤਾ ਹੈ, ਜਿੱਥੇ ਅਮਰੀਕੀ ਉਪ ਰਾਸ਼ਟਰਪਤੀ ਸ਼ਾਮ ਨੂੰ ਜਾਣਗੇ। ਅਸੀਂ ਇਮਾਰਤ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਅਤੇ ਸਾਡੀਆਂ ਟੀਮਾਂ ਇਮਾਰਤ ’ਤੇ ਤਾਇਨਾਤ ਰਹਿਣਗੀਆਂ।’’ ਵੈਂਸ ਦੇ ਸੋਮਵਾਰ ਰਾਤ ਨੂੰ ਦਿੱਲੀ ਤੋਂ ਰਵਾਨਾ ਹੋਣ ਅਤੇ ਉਸ ਤੋਂ ਬਾਅਦ ਜੈਪੁਰ ਅਤੇ ਆਗਰਾ ਦੀ ਯਾਤਰਾ ਕਰਨ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਲਈ ਰਾਤ ਦੀ ਦਾਅਵਤ ਦੀ ਮੇਜ਼ਬਾਨੀ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਆਗੂ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਅਤੇ ਸਮੁੱਚੇ ਦੁਵੱਲੇ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਸਮੇਤ ਕਈ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ।
ਵੈਂਸ ਦੀ ਫੇਰੀ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਨਾਲ ਘੱਟੋ-ਘੱਟ ਪੰਜ ਸੀਨੀਅਰ ਅਧਿਕਾਰੀਆਂ ਦੇ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀਂ 6:30 ਵਜੇ ਆਪਣੇ 7 ਲੋਕ ਕਲਿਆਣ ਮਾਰਗ ਸਥਿਤ ਨਿਵਾਸ ’ਤੇ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕਰਨਗੇ। ਇਸ ਉਪਰੰਤ ਅਧਿਕਾਰਤ ਗੱਲਬਾਤ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਐੱਨਐੱਸਏ ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਹਿੱਸਾ ਹੋਣ ਦੀ ਉਮੀਦ ਹੈ।