ਨਵੀਂ ਦਿੱਲੀ : ਕੈਨੇਡਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕਿਹਾ ਕਿ ਕੈਨੇਡਾ ਵਿਚ 28 ਅਪਰੈਲ ਨੂੰ ਹੋਣ ਵਾਲੀ ਸੰਘੀ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ। ਬਿਸਾਰੀਆ ਨੇ ਕੈਨੇਡੀਅਨ ਸਿਆਸਤ ਵਿੱਚ ਖਾਲਿਸਤਾਨੀ ਅਨਸਰਾਂ ਦੇ ਪ੍ਰਭਾਵ ਉੱਤੇ ਰੌਸ਼ਨੀ ਪਾਉਂਦਿਆਂ ਇਸ ਨੂੰ ਜ਼ੁਬਾਨੀ ਅਤੇ ਰਣਨੀਤਕ ਤੌਰ ’ਤੇ ਸਰਗਰਮ ਭਾਰਤ ਵਿਰੋਧੀ ਸਮੂਹ ਵੱਲੋਂ ‘ਅਨੁਪਾਤਕ ਕਬਜ਼ਾ’ ਦੱਸਿਆ। ਸਾਬਕਾ ਹਾਈ ਕਮਿਸ਼ਨਰ ਨੇ ਕਿਹਾ ਕਿ ਇਹ ਸਮੂਹ ਭਾਵੇਂ ਪਿਛਲੇ 40 ਸਾਲਾਂ ਤੋਂ ਮੌਜੂਦ ਹੈ, ਪਰ ਚੋਣ ਨਤੀਜੇ ਨਿਰਧਾਰਿਤ ਕਰਨ ਵਿੱਚ ਇਨ੍ਹਾਂ ਵੱਲੋਂ ਅਹਿਮ ਭੂਮਿਕਾ ਨਿਭਾਉਣ ਦੀ ਸੰਭਾਵਨਾ ਘੱਟ ਹੈ।
ਏਐਨਆਈ ਨਾਲ ਇੱਕ ਇੰਟਰਵਿਊ ਵਿੱਚ, ਬਿਸਾਰੀਆ ਨੇ ਕਿਹਾ, ‘‘ਇੱਕ ਬਹੁਤ ਹੀ ਸ਼ਾਤਿਰ ਅਤੇ ਸਰਗਰਮ ਭਾਰਤ ਵਿਰੋਧੀ ਖਾਲਿਸਤਾਨੀ ਸਮੂਹ ਵੱਲੋਂ ਕੀਤਾ ਖਾਸ ਤੇ ਅਨੁਪਾਤਕ ਕਬਜ਼ਾ ਹੈ। ਪਰ ਇਹ ਚਾਰ ਦਹਾਕਿਆਂ ਤੋਂ ਕੈਨੇਡੀਅਨ ਸਿਆਸਤ ਵਿੱਚ ਇੱਕ ਢਾਂਚਾਗਤ ਹਕੀਕਤ ਹੈ। ਅਸੀਂ ਇਸ ਨੂੰ ਕੁਝ ਸਮੇਂ ਤੋਂ ਕਾਰਜਸ਼ੀਲ ਦੇਖਿਆ ਹੈ, ਅਤੇ ਇਨ੍ਹਾਂ ਲੋਕਾਂ ਦਾ ਥੋੜ੍ਹਾ ਬਹੁਤ ਦਬਦਬਾ ਹੈ, ਪਰ ਇਹ ਚੋਣ ਉਨ੍ਹਾਂ ਬਾਰੇ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹ 28 ਅਪਰੈਲ ਦੀਆਂ ਚੋਣਾਂ ਦੇ ਨਤੀਜੇ ਨਿਰਧਾਰਿਤ ਨਹੀਂ ਕਰਨਗੇ, ਕਿਉਂਕਿ ਮੈਂ ਦਲੀਲ ਨਾਲ ਕਹਾਂਗਾ ਕਿ ਇਹ ਚੋਣ ਟਰੰਪ ਬਾਰੇ ਹੈ…।’’ ਬਿਸਾਰੀਆ ਨੇ ਅੱਗੇ ਭਾਰਤ-ਕੈਨੇਡਾ ਸਬੰਧਾਂ ਵਿੱਚ ਸੁਧਾਰ ਦੀ ਆਸ ਜਤਾਈ, ਜਿਸ ਵਿੱਚ ਹਾਈ ਕਮਿਸ਼ਨਰਾਂ ਦਾ ਆਦਾਨ-ਪ੍ਰਦਾਨ ਅਤੇ ਵਪਾਰ ਸਮਝੌਤੇ ’ਤੇ ਪ੍ਰਗਤੀ ਸ਼ਾਮਲ ਹੈ। ਉਨ੍ਹਾਂ ਇਸ ਨੂੰ ਰਿਸ਼ਤਿਆਂ ਨੂੰ ‘ਸਥਿਰ ਅਤੇ ਆਮ’ ਕਰਨ ਦਾ ਸਮਾਂ ਕਿਹਾ। ਬਿਸਾਰੀਆ ਨੇ ਕਿਹਾ, ‘‘ਮੈਂ ਜੋ ਇਕ ਵਿਆਪਕ ਨੁਕਤਾ ਉਠਾ ਰਿਹਾ ਹਾਂ ਉਹ ਇਹ ਹੈ ਕਿ ਅਸੀਂ ਇੱਕ ਮੋੜ ’ਤੇ ਹਾਂ। ਕੈਨੇਡਾ ਜੇ ਛੋਟੀ ਜਿਹੀ ਘੱਟਗਿਣਤੀ, ਜੋ ਸਿਆਸਤ ਦੇ ਕੁਝ ਹਿੱਸਿਆਂ ’ਤੇ ਕਬਜ਼ਾ ਕਰਨ ਵਿਚ ਹੁਸ਼ਿਆਰ ਹੈ, ਦੀ ਥਾਂ ਆਪਣੇ ਕੌਮੀ ਹਿੱਤ ਵਿੱਚ ਗੱਲ ਕਰਦਾ ਹੈ, ਤਾਂ ਮੈਂ ਕਹਾਂਗਾ ਕਿ ਚੋਣਾਂ ਤੋਂ ਬਾਅਦ, ਸਾਡੇ ਕੋਲ ਅਜੇ ਵੀ ਇਸ ਰਿਸ਼ਤੇ ਨੂੰ ਬਣਾਉਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ।’’