ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਭੇਤ-ਭਰੀ ਮੌਤ

ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਭੇਤ-ਭਰੀ ਮੌਤ

ਬੰਗਲੂਰੂ : ਕਰਨਾਟਕ ਦੇ ਸਾਬਕਾ ਪੁਲੀਸ ਮੁਖੀ (ਡੀਜੀਪੀ) ਓਮ ਪ੍ਰਕਾਸ਼ ਅੱਜ ਭੇਤ-ਭਰੀ ਹਾਲਤ ਵਿੱਚ ਬੰਗਲੂਰੂ ਸਥਿਤ ਆਪਣੇ ਘਰ ’ਚ ਮ੍ਰਿਤ ਮਿਲੇ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਕਾਰਨ ਸ਼ੱਕ ਹੈ ਕਿ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਪ੍ਰਕਾਸ਼ ਦੀ ਪਤਨੀ ਪੱਲਵੀ ਨੇ ਘਟਨਾ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਪ੍ਰਕਾਸ਼ ਦੀ ਲਾਸ਼ ਐੱਚਐੱਸਆਰ ਲੇਅਆਊਟ ਵਿੱਚ ਸਥਿਤ ਉਨ੍ਹਾਂ ਦੇ ਤਿੰਨ ਮੰਜ਼ਿਲਾ ਘਰ ਦੀ ਹੇਠਲੀ ਮੰਜ਼ਿਲ ’ਤੇ ਖੂਨ ਨਾਲ ਲੱਥਪੱਥ ਮਿਲੀ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਪ੍ਰਕਾਸ਼ ਦੀ ਪਤਨੀ ਤੇ ਧੀ ਕੋਲੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਸੇਵਾਮੁਕਤ ਡੀਜੀਪੀ ਨੇ ਪਹਿਲਾਂ ਵੀ ਆਪਣੇ ਕੁਝ ਨੇੜਲੇ ਸਹਿਯੋਗੀਆਂ ਤੋਂ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕਹੀ ਸੀ। ਪੁਲੀਸ ਨੂੰ ਘਟਨਾ ਵਿੱਚ ਪਰਿਵਾਰ ਦੇ ਕਿਸੇ ਨੇੜਲੇ ਮੈਂਬਰ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। 1981 ਬੈਚ ਦੇ 68 ਸਾਲਾ ਆਈਪੀਐੱਸ ਅਧਿਕਾਰੀ ਬਿਹਾਰ ਦੇ ਚੰਪਾਰਨ ਦੇ ਮੂਲ ਵਸਨੀਕ ਸਨ ਅਤੇ ਉਨ੍ਹਾਂ ਨੇ ਭੂਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀ। ਪ੍ਰਕਾਸ਼ ਨੂੰ ਪਹਿਲੀ ਮਾਰਚ 2015 ਨੂੰ ਕਰਨਾਟਕ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ।

Share: