ਦੋ ਦਿਨਾਂ ’ਚ 16 ਦਹਿਸ਼ਤਗਰਦ ਗ੍ਰਿਫ਼ਤਾਰ

ਇੰਫਾਲ : ਮਨੀਪੁਰ ’ਚ 48 ਘੰਟਿਆਂ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਕੁੱਲ 16 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਥੌਬਲ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਨਾਬਾਲਗ ਸਮੇਤ 7 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ, ਅਸਲਾ ਅਤੇ ਸੰਚਾਰ ਉਪਕਰਨ ਬਰਾਮਦ ਕੀਤੇ ਹਨ। ਇਹ 7 ਦਹਿਸ਼ਤਗਰਦ ਪਾਬੰਦੀਸ਼ੁਦਾ ਕੰਗਲੇਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਮੈਂਬਰ ਹਨ। ਥੌਬਲ ਜ਼ਿਲ੍ਹੇ ਦੇ ਹੇਰੋਕ ਪਾਰਟ-3 ਦੇ ਵਾਈਬੀਸੀ ਕਲੱਬ ’ਚ ਹਥਿਆਰਬੰਦ ਮਸ਼ਕੂਕਾਂ ਦੀ ਮੌਜੂਦੀ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਨੇ ਅੱਜ ਤੜਕੇ ਕਰੀਬ 2.20 ਵਜੇ ਇਹ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਅਨੁਸਾਰ ਮੁਹਿੰਮ ਦੌਰਾਨ ਸਥਾਨਕ ਲੋਕਾਂ ਨੇ ਸੁਰੱਖਿਆ ਬਲਾਂ ’ਤੇ ਪੱਥਰ ਸੁੱਟੇ। ਇਸ ਦੌਰਾਨ ਪੁਲੀਸ ਅਤੇ ਸੀਆਰਪੀਐੱਫ ਦੀਆਂ ਕੁਝ ਗੱਡੀਆਂ ਦਾ ਨੁਕਸਾਨ ਹੋਇਆ। ਬਾਅਦ ਵਿੱਚ ਸਥਿਤੀ ’ਤੇ ਕਾਬੂ ਪਾ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੌਕੇ ਤੋਂ ਹਥਿਆਰ, ਅਸਲਾ, ਮੋਬਾਈਲ, ਗੱਡੀ, ਮੋਟਰਸਾਈਕਲ, ਨੇਪਾਲੀ ਕਰੰਸੀ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ।

ਇਸੇ ਤਰ੍ਹਾਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਪੰਬੇਈ) ਦੇ ਦੋ ਮੈਂਬਰਾਂ ਨੂੰ ਸ਼ਨਿਚਰਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਨੋਂਗਦਮ ਪਿੰਡ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਨਿੰਗਥੌਖੋਂਗ ਵਾਰਡ ਨੰਬਰ-13 ਤੋਂ ਪਾਬੰਦੀਸ਼ੁਦਾ ਕੰਗਲੇਪਾਕ ਕਮਿਊਨਿਸਟ ਪਾਰਟੀ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਕੇਸੀਪੀ (ਐੱਮਐੱਫਐੱਲ) ਦੇ ਦੋ ਕਾਡਰਾਂ ਨੂੰ ਵੀ ਉਸੇ ਦਿਨ ਇੰਫਾਲ ਪੱਛਮੀ ਜ਼ਿਲ੍ਹੇ ’ਚੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇੰਫਾਲ ਪੂਰਬੀ ਜ਼ਿਲ੍ਹੇ ’ਚੋਂ ਵੱਖ-ਵੱਖ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ     ਗਿਆ ਹੈ।

Share: