ਵੈਨਕੂਵਰ : ਸਰੀ ਵਿਚ ਵਿਸਾਖੀ ਨੂੰ ਸਮਰਪਿਤ 26ਵਾਂ ਨਗਰ ਕੀਰਤਨ ਸਜਾਇਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਨਗਰ ਕੀਰਤਨ ਵਿਚ ਸਾਢੇ ਪੰਜ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਹੁਗਿਣਤੀ ਸਿੱਖਾਂ ਤੋਂ ਇਲਾਵਾ ਹੋਰ ਭਾਈਚਾਰਿਆਂ ਦੇ ਲੋਕ ਵੀ ਸਨ। ਬਹੁਤ ਸੁੰਦਰ ਤੇ ਮਨਮੋਹਕ ਢੰਗ ਨਾਲ ਸਜਾਏ ਗਏ ਵਾਹਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 11 ਕੁ ਵਜੇ ਸਰੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਆਪਣੇ ਨਿਰਧਾਰਤ ਰੂਟ ’ਤੇ ਚਲਦੇ ਹੋਏ ਕਈ ਘੰਟਿਆਂ ਬਾਅਦ ਉੱਥੇ ਹੀ ਜਾ ਕੇ ਸਮਾਪਤ ਹੋਇਆ।
ਰਵਾਇਤੀ ਸ਼ੁਰੂਆਤ ਮੌਕੇ ਫੌਜੀ ਦਸਤੇ ਨੇ ਸਲਾਮੀ ਦਿੰਦੇ ਹੋਏ ਬੈਂਡ ਦੀਆਂ ਸਵਾਗਤੀ ਧੁਨਾਂ ਨਾਲ ਸ਼ਾਮਲ ਸੰਗਤ ਦਾ ਮਨ ਮੋਹਿਆ। ਨਗਰ ਕੀਰਤਨ ਦੇ ਸਾਰੇ ਰਸਤਿਆਂ ਨੂੰ ਆਮ ਆਵਾਜਾਈ ਲਈ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਨਗਰ ਕੀਰਤਨ ਦੇ ਰਸਤੇ ਵਿਚ ਸ਼ਰਧਾਲੂਆਂ ਵਲੋਂ ਖਾਣ ਪੀਣ ਦੇ ਸਵਾਦਲੇ ਲੰਗਰ ਵਰਤਾਏ ਗਏ। ਸਾਰਾ ਸ਼ਹਿਰ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਮਹਿਸੂਸ ਹੁੰਦਾ ਰਿਹਾ। ਬਹੁਤੇ ਲੋਕਾਂ ਨੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾਈਆਂ ਅਤੇ ਬੀਬੀਆਂ ਨੇ ਉਸੇ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ਼ ਜੰਗ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਪੈਦਾ ਹੋਈ ਖਟਾਸ ਅਤੇ ਸਰਹੱਦੀ ਸਖ਼ਤੀ ਦੇ ਬਾਵਜੂਦ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਲੋਕ ਨਗਰ ਕੀਰਤਨ ਵਿਚ ਸ਼ਾਮਲ ਹੋਏ।
ਫੈਡਰਲ ਆਗੂਆਂ ’ਚੋਂ ਜਗਮੀਤ ਸਿੰਘ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ, ਜਦ ਕਿ ਟੋਰੀ ਆਗੂ ਪੀਅਰ ਪੋਲਿਵਰ ਵੈਨਕੂਵਰ ਵਿੱਚ ਹੋਣ ਦੇ ਬਾਵਜੂਦ ਉੱਥੇ ਨਹੀਂ ਪਹੁੰਚੇ ਤੇ ਸੰਦੇਸ਼ ਭੇਜ ਕੇ ਫਰਜ਼ ਪੁਗਾ ਲਿਆ। ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਮਾਰਕ ਕਾਰਨੀ ਨੇ ਓਂਟਾਰੀਓ ਵਿਚ ਚੋਣ ਮੁਹਿੰਮ ਤੋਂ ਵਿਹਲ ਕੱਢ ਕੇ ਸਿੱਖ ਭਾਈਚਾਰੇ ਨੂੰ ਵਧਾਈ ਸੰਦੇਸ਼ ਭੇਜਿਆ। ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਸਟੇਜ ਤੋਂ ਬੋਲਦਿਆਂ ਆਪਣੇ ਸੂਬੇ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਵਲੋਂ ਪਾਏ ਯੋਗਦਾਨ ਦੀ ਗੱਲ ਕਰਦਿਆਂ ਉਨ੍ਹਾਂ ਨੂੰ ਭਾਈਚਾਰਕ ਏਕਤਾ ਦੇ ਹਾਮੀ ਦੱਸਿਆ।
ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਪੁਲੀਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਰੀ ਤੋਂ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਈ ਥਾਵਾਂ ’ਤੇ ਆਪਣੀਆਂ ਸਟੇਜਾਂ ਲਾ ਕੇ ਸੰਬੋਧਨ ਕਰਦਿਆਂ, ਵੋਟਰਾਂ ਨੂੰ ਆਪਣੇ ਨਾਲ ਜੋੜਨ ਦੇ ਯਤਨ ਕੀਤੇ। ਵਪਾਰਕ ਅਦਾਰਿਆਂ ਨੇ ਵੀ ਸੰਗਤ ਦੀ ਭੀੜ ਨੂੰ ਆਪਣੇ ਵੱਲ ਖਿਚਣ ਲਈ ਵੱਖੋ ਵੱਖਰੇ ਢੰਗ ਅਪਣਾਏ। ਸਰੀ ਦਾ ਵਿਸਾਖੀ ਨਗਰ ਕੀਰਤਨ 1998 ’ਚ ਸ਼ੁਰੂ ਹੋਇਆ ਸੀ ਤੇ ਪਹਿਲੇ ਨਗਰ ਕੀਰਤਨ ਵਿੱਚ 50 ਕੁ ਹਜ਼ਾਰ ਸੰਗਤ ਨੇ ਹਾਜਰੀ ਭਰੀ। ਉਸ ਤੋਂ ਬਾਅਦ ਹਰੇਕ ਸਾਲ ਸੰਗਤ ਦੀ ਗਿਣਤੀ ਵਧਦੀ ਗਈ। ਕਰੋਨਾ ਮਹਾਮਾਰੀ ਦੀਆਂ ਬੰਦਸ਼ਾਂ ਕਾਰਨ 2021 ’ਚ ਨਗਰ ਕੀਰਤਨ ਨਹੀਂ ਕੱਢਿਆ ਜਾ ਸਕਿਆ ਸੀ।
ਸਰੀ ਵਿੱਚ ਸਜਾਏ ਗਏ ਵਿਸਾਖੀ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼ਾਮਲ ਸੰਗਤ ਦਾ ਹੜ੍ਹ।