ਅੰਮ੍ਰਿਤਸਰ : ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਇੱਥੇ ਦੋਸ਼ ਲਾਇਆ ਹੈ ਕਿ ਇੱਕ ਸਾਜ਼ਿਸ਼ ਤਹਿਤ ਅੰਮ੍ਰਿਤਪਾਲ ਖਿਲਾਫ ਲਾਏ ਗਏ ਕੌਮੀ ਸੁਰੱਖਿਆ ਐਕਟ ਦੀ ਮਿਆਦ ਵਧਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਇਕੱਲਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ।
ਇਸ ਦੌਰਾਨ ਅੱਜ ਉਹ ਪੱਤਰ ਵੀ ਜਨਤਕ ਕੀਤਾ ਗਿਆ ਹੈ, ਜਿਸ ਰਾਹੀਂ ਹਾਲ ਹੀ ਵਿੱਚ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਵੱਲੋਂ ਐਨਐਸਏ ਦੀ ਮਿਆਦ ਵਿੱਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੀ ਇੱਕ ਕਾਪੀ ਅੰਮ੍ਰਿਤ ਪਾਲ ਸਿੰਘ ਨੂੰ ਵੀ ਸੌਂਪੀ ਗਈ ਹੈ ਅਤੇ ਉਸ ਦੇ ਦਸਤਖਤ ਕਰਵਾਏ ਗਏ ਹਨ।
ਇੱਥੇ ਅੱਜ ਸ਼ਾਮ ਪੱਤਰਕਾਰ ਸੰਮੇਲਨ ਦੌਰਾਨ ਅੰਮ੍ਰਿਤ ਪਾਲ ਦੇ ਪਿਤਾ ਤਰਸੇਮ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ, ਹਰਭਜਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਜਗਨੰਦਨ ਬੀਰ ਸਿੰਘ ਨਾਰਲੀ, ਦਵਿੰਦਰ ਸਿੰਘ ਹਰੀਏਵਾਲ, ਚਾਚਾ ਪਰਗਟ ਸਿੰਘ, ਚਾਚਾ ਸੁਖਚੈਨ ਸਿੰਘ, ਪਲਵਿੰਦਰ ਸਿੰਘ ਤੇ ਹੋਰ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਨੇ ਕਿਹਾ ਕਿ ਜਿਵੇਂ ਬਾਕੀ ਹੋਰ ਸਿੱਖਾਂ ਨੂੰ ਐਨਐਸਏ ਦੀ ਮਿਆਦ ਪੂਰੀ ਹੋਣ ਮਗਰੋਂ ਪੰਜਾਬ ਲਿਆਂਦਾ ਗਿਆ ਹੈ। ਇਸੇ ਤਰ੍ਹਾਂ 22 ਅਪਰੈਲ ਨੂੰ ਅੰਮ੍ਰਿਤ ਪਾਲ ਸਿੰਘ ਖਿਲਾਫ ਐਨਐਸਏ ਦੀ ਮਿਆਦ ਖਤਮ ਹੋਣ ’ਤੇ ਪੰਜਾਬ ਲਿਆਂਦਾ ਜਾਣਾ ਸੀ ਪਰ ਹੁਣ ਅਚਨਚੇਤੀ ਐਨਐਸਏ ਮੁੜ ਲਾ ਦਿੱਤੀ ਗਈ ਹੈ ਜੋ ਕਿ 23 ਅਪਰੈਲ ਤੋਂ ਸ਼ੁਰੂ ਹੋ ਜਾਵੇਗੀ। ਇਸ ਦਾ ਮੁੱਖ ਕਾਰਨ 13 ਅਪਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਬੰਦੀ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਹੈ, ਜਿਸ ਵਿੱਚ ਵੱਡਾ ਇਕੱਠ ਹੋਇਆ ਸੀ ਅਤੇ ਇਸ ਵੱਡੇ ਇਕੱਠ ਨੇ ਭਗਵੰਤ ਮਾਨ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ ਜਿਸ ਦੇ ਸਿੱਟੇ ਵਜੋਂ ਸਰਕਾਰ ਨੇ ਡਰਦੇ ਮਾਰੇ ਐਨਐਸਏ ਮੁੜ ਲਗਾ ਦਿੱਤੀ ਹੈ ਜੋ ਕਿ ਉਸਦੇ ਜਮਹੂਰੀ, ਧਾਰਮਿਕ ਅਤੇ ਸੰਵਿਧਾਨਕ ਹੱਕਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲੀਸ ਵੀ ਕਾਨੂੰਨ ਮੁਤਾਬਿਕ ਕੰਮ ਨਹੀਂ ਕਰ ਰਹੀ। ਇੱਕ ਸਾਜ਼ਿਸ਼ ਤਹਿਤ ਜਾਣ ਬੁਝ ਕੇ ਉਸ ਦੀ ਐਨਐਸਏ ਵਧਾਈ ਗਈ ਹੈ ਅਤੇ ਇਸ ਤਹਿਤ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਇਕੱਲਾ ਕਰ ਦਿੱਤਾ ਗਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ।