ਪ੍ਰਧਾਨ ਮੰਤਰੀ ਮੋਦੀ ਵੱਲੋਂ ਗੁਰੂ ਤੇਗ ਬਹਾਦਰ ਨੂੰ ਨਮਨ

ਪ੍ਰਧਾਨ ਮੰਤਰੀ ਮੋਦੀ ਵੱਲੋਂ ਗੁਰੂ ਤੇਗ ਬਹਾਦਰ ਨੂੰ ਨਮਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੋਦੀ ਨੇ ਐੱਕਸ ’ਤੇ ਕਿਹਾ, ‘ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁਭ ਮੌਕੇ ’ਤੇ ਮੈਂ ਸਾਡੀ ਧਰਤੀ ਦੇ ਸਭ ਤੋਂ ਮਹਾਨ ਅਧਿਆਤਮਿਕ ਮਾਰਗਦਰਸ਼ਕਾਂ ’ਚੋਂ ਇੱਕ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਦਾ ਜੀਵਨ ਹਿੰਮਤ ਅਤੇ ਹਮਦਰਦੀ ਦਾ ਪ੍ਰਤੀਕ ਹੈ।’ ਮੋਦੀ ਨੇ ਕਿਹਾ ਕਿ ਉਹ ਬੇਇਨਸਾਫ਼ੀ ਖ਼ਿਲਾਫ਼ ਦ੍ਰਿੜ੍ਹਤਾ ਨਾਲ ਲੜੇ। ਉਨ੍ਹਾਂ ਕਿਹਾ, ‘ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਅਜਿਹਾ ਸਮਾਜ ਸਿਰਜਣ ਲਈ ਪ੍ਰੇਰਿਤ ਕਰਦੀਆਂ ਹਨ, ਜਿਸ ਦੀ ਉਨ੍ਹਾਂ ਨੇ ਕਲਪਨਾ ਕੀਤੀ ਸੀ।’ ਇਸੇ ਤਰ੍ਹਾਂ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਮਹਾਨ ਸਿੱਖ ਗੁਰੂ ਨੂੰ ਨਮਨ ਕਰਦੇ ਹਨ, ਜੋ ਹਿੰਮਤ, ਕੁਰਬਾਨੀ ਅਤੇ ਧਰਮ ਪ੍ਰਤੀ ਅਟੁੱਟ ਸ਼ਰਧਾ ਦੇ ਪ੍ਰਤੀਕ ਹਨ। ਉਨ੍ਹਾਂ ਐਕਸ ’ਤੇ ਕਿਹਾ, ‘ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਭਾਰਤ ਦੀ ਅਧਿਆਤਮਿਕ ਤਾਕਤ ਅਤੇ ਅਨੇਕਤਾ ਵਿੱਚ ਏਕਤਾ ਦੀ ਉਦਾਹਰਣ ਪੇਸ਼ ਕਰਦੀ ਹੈ।’ ਇਸੇ ਤਰ੍ਹਾਂ ਗ੍ਰਹਿ ਮੰਤਰੀ ਨੇ ਐਕਸ ’ਤੇ ਕਿਹਾ, ‘ਅੱਜ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਦਿਹਾੜੇ ’ਤੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਹਮਲਾਵਰਾਂ ਦਾ ਸਾਹਮਣਾ ਕਰਦਿਆਂ ਆਪਣੇ ਸੱਭਿਆਚਾਰ ਅਤੇ ਸਵੈ-ਮਾਣ ਲਈ ਡਟੇ ਰਹਿਣ ਵਾਲੇ ਗੁਰੂ ਜੀ ਦੀ ਕੁਰਬਾਨੀ ਹਮੇਸ਼ਾ ਧਰਮ ਦੀ ਰਾਖੀ ਲਈ ਪ੍ਰੇਰਿਤ ਕਰਦੀ ਰਹੇਗੀ।’

Share: