ਕੈਨੇਡਾ-ਫੈਡਰਲ ਚੋਣਾਂ ਲਈ ਦੇਸ਼ ਭਰ ਵਿਚ ਐਡਵਾਂਸ ਪੋਲਿੰਗ ਸ਼ੁਰੂ

ਕੈਨੇਡਾ-ਫੈਡਰਲ ਚੋਣਾਂ ਲਈ ਦੇਸ਼ ਭਰ ਵਿਚ ਐਡਵਾਂਸ ਪੋਲਿੰਗ ਸ਼ੁਰੂ

ਵਿਨੀਪੈਗ : ਕੈਨੇਡਾ ਵਿਚ ਸੰਘੀ ਚੋਣਾਂ 28 ਅਪਰੈਲ ਨੂੰ ਹਨ, ਪਰ ਜਿਹੜੇ ਲੋਕ 28 ਤੋਂ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਸ਼ੁੱਕਰਵਾਰ ਨੂੰ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ। ਇਸ ਤਹਿਤ ਰਜਿਸਟਰਡ ਵੋਟਰ 18 ਅਪਰੈਲ ਤੋਂ 21 ਅਪਰੈਲ ਤੱਕ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਵਿਚ ਸਵੇਰੇ 9 ਵਜੇ ਤੋਂ ਰਾਤੀਂ 9 ਵਜੇ ਤੱਕ ਅਤੇ ਨਜ਼ਦੀਕੀ ਇਲੈੱਕਸ਼ਨ ਕੈਨੇਡਾ ਦਫ਼ਤਰ ਵਿੱਚ ਡਾਕ ਰਾਹੀਂ ਜਾਂ ਇਨ-ਪਰਸਨ ਸਪੈਸ਼ਲ ਬੈਲਟ ਰਾਹੀਂ ਵੀ ਵੋਟ ਪਾਉਣ ਜਾ ਸਕਦੇ ਹਨ। ਇਹ ਸਬੰਧੀ ਲੋੜੀਂਦੀ ਜਾਣਕਾਰੀ ਵੋਟਰਾਂ ਦੇ ਵੋਟਰ ਕਾਰਡ ਉੱਤੇ ਵੀ ਉਪਲਬਧ ਹੈ। ਹਾਲਾਂਕਿ ਆਮ ਵੋਟਾਂ ਵਾਲੇ ਦਿਨ ਦਾ ਪੋਲਿੰਗ ਸਟੇਸ਼ਨ ਵੱਖਰਾ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੂਬਾਈ ਚੋਣਾਂ ਦੇ ਉਲਟ, ਜਦੋਂ ਵੋਟਰ ਆਪਣੇ ਸੂਬੇ ਦੇ ਕਿਸੇ ਵੀ ਪੋਲਿੰਗ ਸਟੇਸ਼ਨ ’ਤੇ ਵੋਟ ਪਾ ਸਕਦੇ ਹਨ, ਫੈਡਰਲ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਨਿਰਧਾਰਿਤ ਸਟੇਸ਼ਨ ’ਤੇ ਹੀ ਵੋਟ ਪਾਉਣੀ ਹੁੰਦੀ ਹੈ। ਜਿਨ੍ਹਾਂ ਵੋਟਰਾਂ ਨੂੰ ਪੱਕਾ ਨਹੀਂ ਪਤਾ ਕਿ ਉਹ ਰਜਿਸਟਰਡ ਹਨ ਜਾਂ ਨਹੀਂ, ਤਾਂ ਉਹ ਇਲੈਕਸ਼ਨ ਕੈਨੇਡਾ ਦੀ ਔਨਲਾਈਨ ਵੋਟਰ ਰਜਿਸਟਰੇਸ਼ਨ ਸੇਵਾ ਦੀ ਵਰਤੋਂ ਕਰਕੇ ਪਤਾ ਕਰ ਸਕਦੇ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 130,000 ਕੈਨੇਡੀਅਨ ਪਹਿਲਾਂ ਹੀ ਸਪੈਸ਼ਲ ਬੈਲਟ ਰਾਹੀਂ ਵੋਟ ਪਾ ਚੁੱਕੇ ਹਨ। ਅਦਾਰਾ ਉਨ੍ਹਾਂ ਕੈਨੇਡੀਅਨਾਂ ਨੂੰ ਸਪੈਸ਼ਲ ਬੈਲਟ ਜਾਰੀ ਕਰਦਾ ਹੈ ਜੋ ਚੋਣਾਂ ਵਾਲੇ ਦਿਨ ਜਾਂ ਐਡਵਾਂਸ ਪੋਲ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਹਾਊਸ ਆਫ਼ ਕਾਮਨਜ਼ ਦੀਆਂ ਐਤਕੀਂ 338 ਦੇ ਮੁਕਾਬਲੇ 343 ਸੀਟਾਂ ਹੋਣਗੀਆਂ।

Share: