ਫਾਰਚੂਨਰ ਪਲਟਣ ਕਾਰਨ ਮਸੇਰੇ ਭਰਾਵਾਂ ਦੀ ਮੌਤ; ਦੋ ਜ਼ਖ਼ਮੀ

ਫਾਰਚੂਨਰ ਪਲਟਣ ਕਾਰਨ ਮਸੇਰੇ ਭਰਾਵਾਂ ਦੀ ਮੌਤ; ਦੋ ਜ਼ਖ਼ਮੀ

ਮਾਨਸਾ : ਇੱਥੋਂ ਨੇੜਲੇ ਪਿੰਡ ਚੁਕੇਰੀਆਂ ਦੇ ਪੁਰਾਣੇ ਡੇਰੇ ਕੋਲ ਬੀਤੀ ਰਾਤ ਕੁੱਤੇ ਅੱਗੇ ਆਉਣ ਕਾਰਨ ਫਾਰਚੂਨਰ ਪਲਟ ਗਈ ਜਿਸ ਕਾਰਨ ਅਮਰੀਕੀ ਨਾਗਰਿਕ ਤੇ ਉਸ ਦੇ ਮਾਸੀ ਦੇ ਮੁੰਡੇ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਉਨ੍ਹਾਂ ਦੇ ਦੋ ਦੋਸਤ ਵੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਮਾਰੇ ਗਏ ਅਮਰੀਕਾ ਵਾਸੀ ਗਗਨਦੀਪ ਸਿੰਘ ਮਾਨਸ਼ਾਹੀਆ ਦਾ ਲੰਘੀ 9 ਜਨਵਰੀ ਨੂੰ ਲੁਧਿਆਣਾ ਦੀ ਕੁੜੀ ਨਾਲ ਵਿਆਹ ਹੋਇਆ ਸੀ ਅਤੇ ਉਸ ਨੇ ਥੋੜ੍ਹੇ ਦਿਨਾਂ ਤੱਕ ਅਮਰੀਕਾ ਪਰਤਣਾ ਸੀ।

ਗਗਨਦੀਪ ਸਿੰਘ ਮਾਨਸ਼ਾਹੀਆ (27) ਵਾਸੀ ਚੁਕੇਰੀਆਂ ਆਪਣੀ ਮਾਸੀ ਦੇ ਲੜਕੇ ਅਮਨ ਵਾਸੀ ਧੂਰੀ ਤੇ ਦੋ ਦੋਸਤਾਂ ਹਰਮਨ ਸਿੰਘ ਤੇ ਲਵਜੀਤ ਸਿੰਘ ਨਾਲ ਆ ਰਹੇ ਸਨ। ਸੜਕ ਹਾਦਸੇ ਵਿੱਚ ਅਮਨ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗਗਨਦੀਪ ਮਾਨਸ਼ਾਹੀਆ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋਸਤ ਹਰਮਨ ਸਿੰਘ ਤੇ ਲਵਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ’ਚ ਫਾਰਚੂਨਰ ਗੱਡੀ ਚਕਨਾਚੂਰ ਹੋ ਗਈ ਹੈ। ਥਾਣਾ ਸਦਰ ਮਾਨਸਾ ਦੇ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਇਸ ਘਟਨਾ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਦੇ ਸੱਟਾਂ ਲੱਗੀਆਂ ਹਨ।

ਮਾਧੋਪੁਰ ਲਾਗੇ ਕਾਰ ਪਲਟੀ, ਦੋ ਹਲਾਕ ਤੇ ਚਾਰ ਜ਼ਖ਼ਮੀ

ਪਠਾਨਕੋਟ (ਪੱਤਰ ਪ੍ਰੇਰਕ): ਨੈਸ਼ਨਲ ਹਾਈਵੇਅ ਮਾਧੋਪੁਰ ਕੋਲ ਕਾਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀਆਨ ਦਿੱਲੀ ਵਜੋਂ ਹੋਈ ਹੈ ਜਦਕਿ ਜ਼ਖਮੀ ਹੋਏ ਦਿੱਲੀ ਵਾਸੀ ਸਤੀਸ਼ ਕੁਮਾਰ, ਵਿਕਾਸ ਚੰਦਰ, ਕੇਵਲ ਅਤੇ ਅਰੁਣ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਕਾਰ ਰਾਹੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਸਨ। ਜ਼ਖ਼ਮੀ ਵਿਕਾਸ ਚੰਦਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਕਿਸੇ ਕੰਮ ਸ੍ਰੀਨਗਰ ਜਾ ਰਹੇ ਸਨ ਤਾਂ ਮਾਧੋਪੁਰ ਕੋਲ ਕਾਰ ਪਲਟ ਗਈ। ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਨੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਕਾਂਸਟੇਬਲ ਲਖਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਉਹ ਤੁਰੰਤ ਘਟਨਾ ਸਥਾਨ ’ਤੇ ਪੁੱਜੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਏਐੱਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ, ਜਿਨ੍ਹਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ ਜਦਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

Share: