ਨਵੀਂ ਦਿੱਲੀ : ਭਾਰਤ ਦੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੱਖਣੀ ਅਫ਼ਰੀਕਾ ਦੇ ਪੋਟਚੈਫਸਟਸਰੂਮ ਵਿੱਚ ਪੋਟ ਇਨਵੀਟੇਸ਼ਨਲ ਟਰੈਕ ਚੈਂਪੀਅਨਸ਼ਿਪ ਜਿੱਤ ਕੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਚੋਪੜਾ ਨੇ ਵਰਲਡ ਅਥਲੈਟਿਕਸ ਕੌਂਟੀਨੈਂਟਲ ਟੂਰ ਚੈਲੈਂਜਰ ਈਵੈਂਟ ਦੌਰਾਨ 84.52 ਮੀਟਰ ਦੂਰੀ ਤੱਕ ਜੈਵਲਿਨ ਸੁੱਟ ਕੇ ਛੇ ਖਿਡਾਰੀਆਂ ਦੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤੀ ਖਿਡਾਰੀ ਦੱਖਣੀ ਅਫਰੀਕਾ ਦੇ ਡੀ. ਸਮਿਟ ਜਿਸ ਦੀ ਸਰਵੋਤਮ ਥ੍ਰੋਅ 82.44 ਮੀਟਰ ਸੀ, ਤੋਂ ਅੱਗੇ ਰਿਹਾ। ਹਾਲਾਂਕਿ ਚੋਪੜਾ ਦਾ ਇਹ ਪ੍ਰਦਰਸ਼ਨ ਉਸ ਦੇ ਵਿਅਕਤੀਗਤ ਸਰਵੋਤਮ 89.94 ਮੀਟਰ ਤੋਂ ਘੱਟ ਸੀ, ਜਦਕਿ ਸਮਿਟ ਆਪਣੇ ਵਿਅਕਤੀਗਤ ਸਰਵੋਤਮ ਥ੍ਰੋਅ 83.29 ਮੀਟਰ ਦੇ ਨੇੜੇ ਪੁੱਜ ਗਿਆ। ਮੁਕਾਬਲੇ ’ਚ ਸਿਰਫ ਚੋਪੜਾ ਤੇ ਸਮਿਟ ਨੇ ਹੀ 80 ਮੀਟਰ ਦੀ ਦੂਰੀ ਪਾਰ ਕੀਤੀ। ਦੱਖਣੀ ਅਫਰੀਕਾ ਦਾ ਇੱਕ ਹੋਰ ਖਿਡਾਰੀ ਡੰਕਨ ਰੌਬਰਟਸਨ 71.22 ਮੀਟਰ ਦੂਰੀ ’ਤੇ ਜੈਵਲਿਨ ਸੁੱਟ ਕੇ ਤੀਜੇ ਸਥਾਨ ’ਤੇ ਰਿਹਾ। ਦੱਸਣਯੋਗ ਹੈ ਕਿ ਨੀਰਜ ਚੋਪੜਾ ਆਪਣੇ ਨਵੇਂ ਕੋਚ ਚੈੱਕ ਗਣਰਾਜ ਦੇ ਜਾਨ ਜ਼ੈਲੇਜ਼ਨੀ ਦੀ ਨਿਗਰਾਨੀ ਹੇਠ ਪੋਟਚੈਫਸਟਸਰੂਮ ’ਚ ਪ੍ਰੈਕਟਿਸ ਕਰ ਰਿਹਾ ਹੈ। ਜ਼ੈਲੇਜ਼ਨੀ ਤਿੰਨ ਵਾਰ ਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਰਿਕਾਰਡਧਾਰੀ ਹੈ। ਚੋਪੜਾ 16 ਮਈ ਤੋਂ ਦੋਹਾ ਡਾਇਮੰਡ ਲੀਗ ਨਾਲ ਉੱਚ ਪੱਧਰੀ ਮੁਕਾਬਲਿਆਂ ’ਚ ਆਪਣੀ ਮੁਹਿੰਮ ਸ਼ੁਰੂ ਕਰੇਗਾ।