ਦੁਬਈ : ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸੰਸਥਾ ਦੇ ਮੁਖੀ ਨੇ ਵੀਰਵਾਰ ਨੂੰ ਇਸਲਾਮੀ ਗਣਰਾਜ ਦੇ ਦੌਰੇ ਦੌਰਾਨ ਕਿਹਾ ਕਿ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪਰਮਾਣੂ ਪ੍ਰੋਗਰਾਮ ਤੇ ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ “ਬਹੁਤ ਮਹੱਤਵਪੂਰਨ” ਪੜਾਅ ’ਤੇ ਹੈ। ਤਹਿਰਾਨ ਵਿਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਰਾਫੇਲ ਮਾਰੀਆਨੋ ਗ੍ਰੋਸੀ ਦੀਆਂ ਟਿੱਪਣੀਆਂ ਵਿਚ ਇਕ ਪੁਸ਼ਟੀ ਸ਼ਾਮਲ ਸੀ ਕਿ ਜੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਈਰਾਨ ਵੱਲੋਂ ਪਾਲਣਾ ਦੀ ਪੁਸ਼ਟੀ ਕਰਨ ਵਿਚ ਉਨ੍ਹਾਂ ਦੀ ਏਜੰਸੀ ਸੰਭਾਵਿਤ ਤੌਰ ’ਤੇ ਮਹੱਤਵਪੂਰਨ ਹੋਵੇਗੀ।
ਪਿਛਲੇ ਹਫਤੇ ਦੇ ਅੰਤ ਵਿਚ ਓਮਾਨ ਵਿਚ ਹੋਈ ਪਹਿਲੀ ਮੀਟਿੰਗ ਤੋਂ ਬਾਅਦ ਈਰਾਨ ਅਤੇ ਅਮਰੀਕਾ ਸ਼ਨਿੱਚਰਵਾਰ ਨੂੰ ਰੋਮ ਵਿਚ ਇਕ ਨਵੇਂ ਦੌਰ ਦੀ ਗੱਲਬਾਤ ਲਈ ਦੁਬਾਰਾ ਮਿਲਣਗੇ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰ-ਵਾਰ ਧਮਕੀ ਦਿੱਤੀ ਹੈ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਉਹ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰਨਗੇ। ਈਰਾਨੀ ਅਧਿਕਾਰੀ ਲਗਾਤਾਰ ਚੇਤਾਵਨੀ ਦੇ ਰਹੇ ਹਨ ਕਿ ਉਹ ਹਥਿਆਰਾਂ ਦੇ ਪੱਧਰ ਦੇ ਨੇੜੇ ਯੂਰੇਨੀਅਮ ਦੇ ਭੰਡਾਰ ਨਾਲ ਪ੍ਰਮਾਣੂ ਹਥਿਆਰ ਬਣਾ ਸਕਦੇ ਹਨ।
‘ਮਹੱਤਵਪੂਰਨ’ ਈਰਾਨ-ਅਮਰੀਕਾ ਗੱਲਬਾਤ ਦੌਰਾਨ ਗ੍ਰੋਸੀ ਬੁੱਧਵਾਰ ਰਾਤ ਨੂੰ ਈਰਾਨ ਪਹੁੰਚੇ ਅਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਕੀਤੀ। ਵੀਰਵਾਰ ਨੂੰ ਗ੍ਰੋਸੀ ਨੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਮੁਖੀ ਮੁਹੰਮਦ ਇਸਲਾਮੀ ਨਾਲ ਮੁਲਾਕਾਤ ਕੀਤੀ, ਫਿਰ ਬਾਅਦ ਵਿਚ ਈਰਾਨ ਦੇ ਕੁਝ ਨਾਗਰਿਕ ਪਰਮਾਣੂ ਪ੍ਰੋਜੈਕਟਾਂ ਵਾਲੇ ਇਕ ਹਾਲ ਦਾ ਦੌਰਾ ਕੀਤਾ।
ਗ੍ਰੋਸੀ ਨੇ ਈਰਾਨੀ ਮੀਡੀਆ ਨੂੰ ਦੱਸਿਆ “ਅਸੀਂ ਜਾਣਦੇ ਹਾਂ ਕਿ ਅਸੀਂ ਇਸ ਮਹੱਤਵਪੂਰਨ ਗੱਲਬਾਤ ਦੇ ਇਕ ਬਹੁਤ ਹੀ ਮਹੱਤਵਪੂਰਨ ਪੜਾਅ ’ਤੇ ਹਾਂ ਇਸ ਲਈ ਮੈਂ ਸਕਾਰਾਤਮਕ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ। ਇਕ ਚੰਗੇ ਨਤੀਜੇ ਦੀ ਸੰਭਾਵਨਾ ਹੈ। ਕਿਸੇ ਵੀ ਚੀਜ਼ ਦੀ ਗਰੰਟੀ ਨਹੀਂ ਹੈ। ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਅਸੀਂ ਇਸ ਸਮਝੌਤੇ ‘ਤੇ ਪਹੁੰਚਣ ਲਈ ਸਾਰੇ ਤੱਤਾਂ ਨੂੰ ਜਗ੍ਹਾ ‘ਤੇ ਰੱਖੀਏ।’’
ਟਰੰਪ ਵੱਲੋਂ ਈਰਾਨ ’ਤੇ ਹਮਲਾ ਕਰਨ ਦੀਆਂ ਧਮਕੀਆਂ ਬਾਰੇ ਪੁੱਛੇ ਜਾਣ ’ਤੇ ਗ੍ਰੋਸੀ ਨੇ ਲੋਕਾਂ ਨੂੰ ਉਦੇਸ਼ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ “ਇਕ ਵਾਰ ਜਦੋਂ ਅਸੀਂ ਆਪਣੇ ਉਦੇਸ਼ ‘ਤੇ ਪਹੁੰਚ ਜਾਂਦੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਅਲੋਪ ਹੋ ਜਾਣਗੀਆਂ ਕਿਉਂਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੋਵੇਗਾ।’