ਸਿੰਧ (ਪਾਕਿਸਤਾਨ) :
ਸਿੰਧ ਵਿੱਚ ਵਕੀਲਾਂ ਵੱਲੋਂ ਬਾਬਰਲੋ ਬਾਈਪਾਸ ’ਤੇ ਸ਼ਾਂਤੀਪੂਰਨ ਧਰਨਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਹ ਬਾਈਪਾਸ ਸੱਖਰ ਤੇ ਖੈਰਪੁਰ ਵਿਚਾਲੇ ਹੈ। ਵਕੀਲਾਂ ਵੱਲੋਂ ਸਿੰਧੂ ਨਦੀ ’ਤੇ ਛੇ ਨਵੀਆਂ ਨਹਿਰਾਂ ਬਣਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
‘ਦਿ ਡਾਅਨ’ ਮੁਤਾਬਕ, ਕਰਾਚੀ ਬਾਰ ਐਸੋਸੀਏਸ਼ਨ (ਕੇਬੀਏ) ਦਫ਼ਤਰ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਬੀਏ ਦੇ ਨੁਮਾਇੰਦਿਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਵੀ ਪ੍ਰਾਜੈਕਟ ਦੇ ਵਿਰੋਧ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਕੇਬੀਏ ਦੇ ਆਗੂਆਂ ਨੇ ਆਪਣੀ ‘ਅਹਿੰਸਕ ਮੁਹਿੰਮ’ ਦੇ ਦੂਜੇ ਗੇੜ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਕੇਬੀਏ ਦੇ ਜਨਰਲ ਸਕੱਤਰ ਰਹਿਮਾਨ ਕੋਰਈ ਨੇ ਸਿਆਸੀ ਜਥੇਬੰਦੀਆਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਵੀ ਬਾਬਰਲੋ ਬਾਈਪਾਸ ’ਤੇ ਹੋਣ ਵਾਲੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਕੇਬੀਏ ਦੇ ਪ੍ਰਧਾਨ ਆਮਿਰ ਨਵਾਜ਼ ਵੜੈਚ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਰਹੇਗਾ, ਜੇਕਰ ਅਧਿਕਾਰੀਆਂ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਤਾਂ ਉਹ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਰੋਸ ਮਾਰਚ ਸਿੰਧ ਹਾਈ ਕੋਰਟ ਦੀ ਪਾਰਕਿੰਗ ਤੋਂ ਸ਼ੁਰੂ ਹੋਵੇਗਾ ਅਤੇ ਬਾਬਰਲੋ ਬਾਈਪਾਸ ਤੱਕ ਜਾਵੇਗਾ ਜਿੱਥੇ ਉਹ ਧਰਨਾ ਦੇਣਗੇ। ਵੜੈਚ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵਿਵਾਦਤ ਨਹਿਰੀ ਪ੍ਰਾਜੈਕਟ ਨੂੰ ਰੱਦ ਨਹੀਂ ਕਰ ਦਿੰਦੀ.
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਸਿੰਧੂ ਨਦੀ ’ਤੇ ਵਿਕਾਸ ਪ੍ਰਾਜੈਕਟਾਂ ਦੇ ਵਿਰੋਧ ਵਿੱਚ 18 ਅਪਰੈਲ ਨੂੰ ਹੈਦਰਾਬਾਦ ਦੇ ਹੱਟੜੀ ਗਰਾਊਂਡ ਵਿੱਚ ਜਨਤਕ ਰੈਲੀ ਕਰਨ ਦੀ ਤਿਆਰੀ ਕਰ ਲਈ ਹੈ। ਪੀਪੀਪੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਤਰ੍ਹਾਂ ਦੀ ਪਹਿਲ ਜਾਰੀ ਰਹੀ ਤਾਂ ਪੂਰਾ ਸਿੰਧ ਪ੍ਰਾਂਤ ਵਿਰੋਧ ਵਿੱਚ ਉੱਠ ਖੜ੍ਹਾ ਹੋਵੇਗਾ।