ਸਿੱਧੂ ਮੂਸੇਵਾਲਾ ਕਤਲ ਕੇਸ ਤੇ ਪੰਜਾਬ ’ਚ ਗ੍ਰਨੇਡ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਅਮਰੀਕਾ ’ਚ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਕੇਸ ਤੇ ਪੰਜਾਬ ’ਚ ਗ੍ਰਨੇਡ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਅਮਰੀਕਾ ’ਚ ਗ੍ਰਿਫ਼ਤਾਰ

ਚੰਡੀਗੜ੍ਹ : ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਹਾਲੀਆ ਮਹੀਨਿਆਂ ਵਿਚ ਪੰਜਾਬ ਪੁਲੀਸ ਲਈ ਵੱਡੀ ਸਿਰਦਰਦੀ ਰਿਹਾ ਹੈ। ਪੰਜਾਬ ਵਿਚ 16 ਗ੍ਰਨੇਡ ਹਮਲਿਆਂ ਪਿੱਛੇ ਕਥਿਤ ਹੈਪੀ ਪਾਸੀਆ ਦਾ ਹੱਥ ਦੱਸਿਆ ਜਾਂਦਾ ਹੈ।

ਅਜਨਾਲਾ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਅਪਰਾਧਕ ਅਤੇ ਦਹਿਸ਼ਤੀ ਸਰਗਰਮੀਆਂ ਵਿੱਚ ਵਿਆਪਕ ਸ਼ਮੂਲੀਅਤ ਕਰਕੇ ਪੰਜਾਬ ਪੁਲੀਸ ਲਈ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪਾਸੀਆ ਅਤੇ ਉਸ ਦੇ ਸਾਥੀ ਹਰਵਿੰਦਰ ਸਿੰਘ ਰਿੰਦਾ ਨੂੰ 2024 ਦੇ ਚੰਡੀਗੜ੍ਹ ਗ੍ਰਨੇਡ ਹਮਲੇ ਸਮੇਤ ਕਈ ਦਹਿਸ਼ਤੀ ਘਟਨਾਵਾਂ ਵਿੱਚ ਚਾਰਜਸ਼ੀਟ ਕੀਤਾ ਸੀ।

ਅਪਰਾਧਕ ਸਰਗਰਮੀਆਂ

ਗ੍ਰਨੇਡ ਹਮਲੇ: ਪੰਜਾਬ ਵਿੱਚ ਘੱਟੋ-ਘੱਟ 16 ਗ੍ਰਨੇਡ ਹਮਲਿਆਂ ਨਾਲ ਹੈਪੀ ਪਾਸੀਆ ਨੂੰ ਜੋੜਿਆ ਗਿਆ ਹੈ, ਜਿਨ੍ਹਾਂ ਵਿੱਚ ਪੁਲੀਸ ਥਾਣਿਆਂ, ਧਾਰਮਿਕ ਸਥਾਨਾਂ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਵਰਗੇ ਸਿਆਸੀ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਹਮਲੇ ਡਰ ਪੈਦਾ ਕਰਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਮਜ਼ੋਰ ਕਰਨ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਸਨ।

ਚੰਡੀਗੜ੍ਹ ਗ੍ਰਨੇਡ ਹਮਲਾ: ਪਾਸੀਆ ਨੇ ਸਤੰਬਰ 2024 ਵਿੱਚ ਚੰਡੀਗੜ੍ਹ ਦੇ ਸੈਕਟਰ 10 ਵਿਚ ਇੱਕ ਘਰ ’ਤੇ ਗ੍ਰਨੇਡ ਹਮਲੇ ਦੀ ਯੋਜਨਾ ਬਣਾਈ ਸੀ। ਹਮਲੇ ਦੌਰਾਨ ਜਲੰਧਰ ਦੇ ਸਾਬਕਾ ਐਸਪੀ ਜਸਕੀਰਤ ਸਿੰਘ ਚਾਹਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਨੂੰ ਅਮਰੀਕਾ ਬੈਠੇ ਹੈਪੀ ਪਾਸੀਆ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ।

ਰਾਇਮਲ ਪਿੰਡ ਹਮਲਾ: ਪੰਜਾਬ ਦੇ ਰਾਇਮਲ ਪਿੰਡ ਵਿੱਚ ਕਾਂਸਟੇਬਲ ਦੇ ਘਰ ’ਤੇ ਗ੍ਰਨੇਡ ਹਮਲੇ ਵਿਚ ਵੀ ਪਾਸੀਆ ਦਾ ਹੱਥ ਸੀ। ਪਾਸੀਆ ਨੇ ਬੜੀ ਦਲੇਰੀ ਨਾਲ ਸੋਸ਼ਲ ਮੀਡੀਆ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਤੇ ਸਿੱਧੇ ਤੌਰ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਚੁਣੌਤੀ ਦਿੱਤੀ।

ਦਹਿਸ਼ਤੀ ਮੌਡਿਊਲ: ਪਾਸੀਆ ਨੇ ਪਾਕਿਸਤਾਨ ਸਥਿਤ ਦਹਿਸ਼ਤਗਰਦ ਹਰਵਿੰਦਰ ਸਿੰਘ ਸੰਧੂ (ਉਰਫ਼ ਰਿੰਦਾ) ਨਾਲ ਮਿਲ ਕੇ ਪੰਜਾਬ ਵਿੱਚ ਦਹਿਸ਼ਤੀ ਮੌਡਿਊਲ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਮੌਡਿਊਲ ਫਿਰੌਤੀ, ਤਸਕਰੀ ਅਤੇ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹਨ।

ਸਿੱਧੂ ਮੂਸੇਵਾਲਾ ਕੇਸ ਨਾਲ ਸਬੰਧ: ਪਾਸੀਆ ਨੈੱਟਵਰਕ ਦੇ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ, ਜੋ ਪੰਜਾਬ ਦੇ ਗਰੋਹਾਂ ਅਤੇ ਕੌਮਾਂਤਰੀ ਦਹਿਸ਼ਤੀ ਨੈੱਟਵਰਕਾਂ ਦਰਮਿਆਨ ਗੱਠਜੋੜ ਨੂੰ ਉਜਾਗਰ ਕਰਦਾ ਹੈ।

ਹੈਪੀ ਪਾਸੀਆ ਨੇ ਕਿਵੇਂ ਪੰਜਾਬ ਪੁਲੀਸ ਨੂੰ ਚੁਣੌਤੀ ਦਿੱਤੀ

ਫੜੇ ਜਾਣ ਤੋਂ ਬਚਣਾ: ਪਾਸੀਆ ਨੇ ਵੱਖ-ਵੱਖ ਦੇਸ਼ ਦੇ ਕੋਡਾਂ ਵਾਲੇ ਅਣਪਛਾਤੇ ਫ਼ੋਨਾਂ ਦੀ ਵਰਤੋਂ ਕਰਕੇ ਪੁਲੀਸ ਨੂੰ ਲਗਾਤਾਰ ਚਕਮਾ ਦਿੱਤਾ ਹੈ, ਜਿਸ ਕਾਰਨ ਉਸ ਦੀ ਸਥਿਤੀ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ।

ਸੋਸ਼ਲ ਮੀਡੀਆ ਦਾਅਵੇ: ਚੰਡੀਗੜ੍ਹ ਅਤੇ ਰਾਇਮਲ ਪਿੰਡ ਵਰਗੇ ਹਮਲਿਆਂ ਤੋਂ ਬਾਅਦ, ਪਾਸੀਆ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਆਪਣੀ ਸ਼ਮੂਲੀਅਤ ਬਾਰੇ ਸ਼ੇਖੀ ਮਾਰੀ ਤੇ ਅਧਿਕਾਰੀਆਂ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ।

ਅੰਤਰਰਾਸ਼ਟਰੀ ਕਾਰਵਾਈਆਂ: 2021 ਵਿੱਚ ਮਨੁੱਖੀ ਤਸਕਰੀ ਨੈੱਟਵਰਕ ਰਾਹੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਦਾਖ਼ਲੇ ਮਗਰੋਂ ਪਾਸੀਆ ਨੇ ਵਿਦੇਸ਼ ਵਿਚ ਬੈਠ ਕੇ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦਿੱਤਾ। ਪਾਸੀਆ ਨੇ ਪੰਜਾਬ ਪੁਲੀਸ ਲਈ ਵੱਡੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ, ਜੋ ਉਸ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਸੀ।

Share: