ਨਵੀਂ ਦਿੱਲੀ : ਸੁਪਰੀਮ ਕੋਰਟ ਵਿੱਚ ਦਾਇਰ ਦੋ ਪਟੀਸ਼ਨਾਂ ਵਿੱਚ ਨਵੇਂ ਵਕਫ਼ (ਸੋਧ) ਐਕਟ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਭਾਂਗਰ ਖੇਤਰ ਵਿੱਚ ਵਕਫ਼ ਕਾਨੂੰਨ ਨਾਲ ਸਬੰਧਤ ਹਿੰਸਾ ਦੀਆਂ ਤਾਜ਼ਾ ਘਟਨਾਵਾਂ 14 ਅਪਰੈਲ ਨੂੰ ਵਾਪਰੀਆਂ ਸਨ। ਉੱਧਰ, ਪੁਲੀਸ ਨੇ ਦਾਅਵਾ ਕੀਤਾ ਹੈ ਕਿ ਮੁਰਸ਼ਿਦਾਬਾਦ ਵਿੱਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਕਾਫੀ ਹੱਦ ਤੱਕ ਕੰਟਰੋਲ ਹੇਠ ਹੈ, ਜਿੱਥੇ ਪਿਛਲਾ ਦੰਗਾ ਹੋਇਆ ਸੀ।
ਵਕੀਲ ਸ਼ਸ਼ਾਂਕ ਸ਼ੇਖਰ ਝਾਅ ਨੇ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਸਿਖ਼ਰਲੀ ਅਦਾਲਤ ਨੂੰ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰਨ ਦੀ ਅਪੀਲ ਕੀਤੀ ਹੈ। ਇਕ ਹੋਰ ਪਟੀਸ਼ਨ ਵਕੀਲ ਵਿਸ਼ਾਲ ਤਿਵਾੜੀ ਨੇ ਦਾਇਰ ਕੀਤੀ ਅਤੇ ਸੂਬੇ ਵਿੱਚ ਹਿੰਸਾ ਦੀ ਜਾਂਚ ਲਈ ਸਿਖ਼ਰਲੀ ਅਦਾਲਤ ਦੇ ਇਕ ਸਾਬਕਾ ਜੱਜ ਦੀ ਅਗਵਾਈ ਹੇਠ ਪੰਜ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਗਠਿਤ ਕਰਨ ਦੀ ਅਪੀਲ ਕੀਤੀ ਹੈ। ਇਕ ਪਟੀਸ਼ਨ ਵਿੱਚ ਲੋਕਾਂ ਦੇ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਦੇ ਨਿਰਦੇਸ਼ ਤੋਂ ਇਲਾਵਾ ਸੂਬਾ ਸਰਕਾਰ ਨੂੰ ਹਿੰਸਾ ਬਾਰੇ ਸਿਖ਼ਰਲੀ ਅਦਾਲਤ ’ਚ ਇਕ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਕੋਲਕਾਤਾ ਹਾਈ ਕੋਰਟ ਨੇ ਹਾਲ ਹੀ ਵਿੱਚ ਹਿੰਸਾ ਪ੍ਰਭਾਵਿਤ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਆਦੇਸ਼ ਦਿੱਤਾ ਹੈ। ਵਕਫ਼ (ਸੋਧ) ਐਕਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦੌਰਾਨ 11 ਤੇ 12 ਅਪਰੈਲ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਕੁਝ ਹਿੱਸਿਆਂ, ਮੁੱਖ ਤੌਰ ’ਤੇ ਸੁਤੀ, ਸਮਸ਼ੇਰਗੰਜ, ਧੂਲੀਆਂ ਅਤੇ ਜੰਗੀਪੁਰ ਵਿੱਚ ਫਿਰਕੂ ਹਿੰਸਾ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਬੇਘਰ ਹੋ ਗਏ ਸਨ।