ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਤੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਬਿਹਾਰ ’ਚ ਅਗਲੀ ਸਰਕਾਰ ਬਣਾਏਗਾ। ਯਾਦਵ ਨਾਲ ਆਰਜੇਡੀ ਸੰਸਦ ਮੈਂਬਰ ਮਨੋਜ ਝਾਅ ਤੇ ਸੰਜੈ ਯਾਦਵ ਵੀ ਮੀਟਿੰਗ ਲਈ ਪੁੱਜੇ ਹੋਏ ਸਨ।
ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਮਹਾਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰੇ ਬਾਰੇ ਅਨੁਮਾਨ ਨਾ ਲਾਉਣ ਅਤੇ ਕਿਹਾ ਕਿ ਉਨ੍ਹਾਂ ਦੀ ਚਰਚਾ ਚੱਲ ਰਹੀ ਹੈ ਤੇ ਉਹ ਚਰਚਾ ਮਗਰੋਂ ਇਸ ਬਾਰੇ ਫ਼ੈਸਲਾ ਲੈਣਗੇ। ਤੇਜਸਵੀ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਤੁਸੀਂ ਸਾਰੇ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰੇ ਨੂੰ ਲੈ ਕੇ ਫਿਕਰਮੰਦ ਕਿਉਂ ਹੋ। ਸਭ ਕੁਝ ਸਪੱਸ਼ਟ ਹੋ ਜਾਵੇਗਾ। ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ।’ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਨੇ ‘ਹਾਈਜੈਕ’ ਕਰ ਲਿਆ ਹੈ ਅਤੇ ਇਸ ਵਾਰ ਸੂਬੇ ’ਚ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਰਜੇਡੀ ਪਟਨਾ ’ਚ ਰਣਨੀਤੀ ਬਾਰੇ ਚਰਚਾ ਲਈ ਮੁਲਾਕਾਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਬਿਹਾਰ ਦੀ ਤਰੱਕੀ ਲਈ ਵਚਨਬੱਧ ਹੈ। ਮਹਾਗੱਠਜੋੜ ਦੀਆਂ ਧਿਰਾਂ ਦੀ ਅਗਲੀ ਮੀਟਿੰਗ ਹੁਣ 17 ਅਪਰੈਲ ਨੂੰ ਹੋਵੇਗੀ। ਰਾਹੁਲ ਗਾਂਧੀ ਨੇ ਮੀਟਿੰਗ ਦੀ ਤਸਵੀਰ ਵੀ ਆਪਣੇ ਵੱਟਸਐਪ ’ਤੇ ਸਾਂਝੀ ਕੀਤੀ ਤੇ ਇਸ ਨੂੰ ਅਹਿਮ ਮੁਲਾਕਾਤ ਦੱਸਿਆ। ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ, ਬਿਹਾਰ ਕਾਂਗਰਸ ਦੇ ਮੁਖੀ ਰਾਜੇਸ਼ ਕੁਮਾਰ ਅਤੇ ਬਿਹਾਰ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅੱਲਾਵਰੂ ਵੀ ਮੀਟਿੰਗ ’ਚ ਹਾਜ਼ਰ ਸਨ।
ਬਿਹਾਰ ’ਚ ਇਸ ਵਾਰ ਤਬਦੀਲੀ ਯਕੀਨੀ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਇਸ ਵਾਰ ਬਿਹਾਰ ’ਚ ਜ਼ਰੂਰ ਤਬਦੀਲੀ ਆਵੇਗੀ। ਮੀਟਿੰਗ ਮਗਰੋਂ ਖੜਗੇ ਨੇ ਐਕਸ ’ਤੇ ਕਿਹਾ, ‘ਇਸ ਵਾਰ ਬਿਹਾਰ ’ਚ ਤਬਦੀਲੀ ਯਕੀਨੀ ਹੈ। ਅੱਜ ਅਸੀਂ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨਾਲ ਮੁਲਾਕਾਤ ਕਰਕੇ ਮਹਾਗੱਠਜੋੜ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ। ਆਉਣ ਵਾਲੀਆਂ ਚੋਣਾਂ ’ਚ ਬਿਹਾਰ ਦੀ ਜਨਤਾ ਨੂੰ ਅਸੀਂ ਇੱਕ ਮਜ਼ਬੂਤ ਤੇ ਸਕਾਰਾਤਮਕ ਬਦਲ ਦੇਵਾਂਗੇ। ਬਿਹਾਰ ਨੂੰ ਭਾਜਪਾ ਤੇ ਇਸ ਦੇ ਮੌਕਾਪ੍ਰਸਤ ਠੱਗ ਗੱਠਜੋੜ ਤੋਂ ਆਜ਼ਾਦ ਕਰਵਾਇਆ ਜਾਵੇਗਾ।’ ਉਨ੍ਹਾਂ ਕਿਹਾ, ‘ਨੌਜਵਾਨ, ਕਿਸਾਨ, ਮਜ਼ਦੂਰ, ਮਹਿਲਾਵਾਂ, ਪੱਛੜੇ, ਅਤਿ-ਪੱਛੜ਼ੇ ਅਤੇ ਸਮਾਜ ਦੇ ਹੋਰ ਵਰਗ ਚਾਹੁੰਦੇ ਹਨ ਕਿ ਮਹਾਗੱਠਜੋੜ ਦੀ ਸਰਕਾਰ ਬਣੇ।’