‘ਕੀ ਲੋਕਪਾਲ ਹਾਈ ਕੋਰਟ ਦੇ ਜੱਜਾਂ ਖ਼ਿਲਾਫ਼ ਸ਼ਿਕਾਇਤਾਂ ਦੀ ਕਰ ਸਕਦੈ ਸੁਣਵਾਈ?’

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਹਾਈ ਕੋਰਟ ਦੇ ਮੌਜੂਦਾ ਜੱਜਾਂ ਖ਼ਿਲਾਫ਼ ਸ਼ਿਕਾਇਤਾਂ ਦੀ ਸੁਣਵਾਈ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਦੇ ਅਧਿਕਾਰ ਖੇਤਰ ਨਾਲ ਸਬੰਧਤ ਮਾਮਲੇ ਵਿੱਚ 30 ਅਪਰੈਲ ਨੂੰ ਦਲੀਲਾਂ ਸੁਣੇਗਾ। ਇਹ ਮਾਮਲਾ ਜਸਟਿਸ ਬੀਆਰ ਗਵਈ, ਜਸਿਟਸ ਸੂਰਿਆਕਾਂਤ ਅਤੇ ਜਸਟਿਸ ਅਭੈ ਐੱਸ ਓਕਾ ਦੇ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਕੋਲ ਸੁਣਵਾਈ ਲਈ ਆਇਆ ਸੀ। ਬੈਂਚ ਨੇ ਕਿਹਾ, ‘‘ਸਾਨੂੰ ਘੱਟੋ ਘੱਟ ਦੋ ਘੰਟੇ ਚਾਹੀਦੇ ਹੋਣਗੇ। ਅਸੀਂ ਇਸ ਨੂੰ ਕਿਸੇ ਬੁੱਧਵਾਰ ਨੂੰ ਸੁਣਾਂਗੇ। ਜੇਕਰ ਇਹ ਬੁੱਧਵਾਰ ਦੁਪਹਿਰ ਤੱਕ ਖ਼ਤਮ ਨਹੀਂ ਹੁੰਦੀ ਹੈ ਤਾਂ ਅਸੀਂ ਵੀਰਵਾਰ ਨੂੰ ਜਾਰੀ ਰੱਖਾਂਗੇ।’’ ਮਾਮਲੇ ਦੀ ਅਗਲੀ ਸੁਣਵਾਈ 30 ਅਪਰੈਲ ਨੂੰ ਹੋਵੇਗੀ। ਸਿਖ਼ਰਲੀ ਅਦਾਲਤ, ਹਾਈ ਕੋਰਟ ਦੇ ਮੌਜੂਦਾ ਵਧੀਕ ਜੱਜ ਖ਼ਿਲਾਫ਼ ਦਾਇਰ ਦੋ ਸ਼ਿਕਾਇਤਾਂ ’ਤੇ ਲੋਕਪਾਲ ਦੇ 27 ਜਨਵਰੀ ਦੇ ਹੁਕਮਾਂ ’ਤੇ ਖ਼ੁਦ ਲਏ ਗਏ ਨੋਟਿਸ ਸਬੰਧੀ ਸ਼ੁਰੂ ਕੀਤੀ ਗਈ ਕਾਰਵਾਈ ਬਾਰੇ ਸੁਣਵਾਈ ਕਰ ਰਿਹਾ ਸੀ। ਸ਼ਿਕਾਇਤਾਂ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਇੱਕ ਜੱਜ ਨੇ ਵਧੀਕ ਜ਼ਿਲ੍ਹਾ ਜੱਜ ਨੂੰ ਫੈਸਲਾ ਫਰਮ ਦੇ ਪੱਖ ’ਚ ਕਰਨ ਲਈ ਪ੍ਰਭਾਵਿਤ ਕੀਤਾ।

Share: