ਪੰਜਾਬ ’ਚ ਬਿਜਲੀ ਚੋਰੀ ਸਾਲਾਨਾ 2000 ਕਰੋੜ ਰੁਪਏ ਤੋਂ ਟੱਪੀ

ਪੰਜਾਬ ’ਚ ਬਿਜਲੀ ਚੋਰੀ ਸਾਲਾਨਾ 2000 ਕਰੋੜ ਰੁਪਏ ਤੋਂ ਟੱਪੀ

ਪਟਿਆਲਾ : ਪੰਜਾਬ ’ਚ ਬਿਜਲੀ ਚੋਰੀ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐੱਸਪੀਸੀਐੱਲ) ਨੂੰ ਲਗਾਤਾਰ ਘਾਟਾ ਪੈ ਰਿਹਾ ਹੈ ਤੇ ਪੰਜਾਬੀਆਂ ਨੇ 2024-25 ਦੇ ਨੌਂ ਮਹੀਨਿਆਂ ’ਚ ਰੋਜ਼ਾਨਾ ਲਗਪਗ 5.5 ਕਰੋੜ ਦੀ ਔਸਤ ਨਾਲ 2,000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਕੀਤੀ ਹੈ।  ਪੀਐੱਸਪੀਸੀਐੱਲ ਦੇ ਬਾਰਡਰ ਤੇ ਪੱਛਮੀ ਜ਼ੋਨਾਂ ’ਚ 77 ਫ਼ੀਸਦ ਫੀਡਰ ਘਾਟੇ ਵਾਲੇ ਹਨ, ਜਿੱਥੇ ਉਕਤ ਸਮੇਂ ਦੌਰਾਨ ਪਾਵਰਕੌਮ ਨੂੰ 1,442 ਕਰੋੜ ਦਾ ਝਟਕਾ ਲੱਗਾ ਹੈ। ਪੰਜਾਬ ’ਚ ਕੁਝ ਧਾਰਮਿਕ ਡੇਰੇ, ਥਾਣੇ, ਕਿਸਾਨ ਯੂਨੀਅਨਾਂ ਦੇ ਮੈਂਬਰ, ਰਾਜਨੀਤਕ ਤੌਰ ’ਤੇ ਮਾਨਤਾ ਪ੍ਰਾਪਤ ਸੰਗਠਨ ਤੇ ਇਥੋਂ ਤੱਕ ਕੁਝ ਸਰਪੰਚ ਕਥਿਤ ਤੌਰ ’ਤੇ ‘ਨਾਜਾਇਜ਼ ਕੁੰਡੀ’ ਕੁਨੈਕਸ਼ਨਾਂ ਰਾਹੀਂ ਬਿਜਲੀ ਚੋਰੀ ਕਰ ਰਹੇ ਹਨ। ਅੰਕੜਿਆਂ ਮੁਤਾਬਕ ਸਾਲ 2015-16 ਵਿੱਚ ਬਿਜਲੀ ਚੋਰੀ ਨਾਲ ਘਾਟਾ 1,200 ਕਰੋੜ ਰੁਪਏ ਸੀ ਜੋ ਲੰਘੇ ਵਿੱਤੀ ਸਾਲ ’ਚ 2,050 ਰੁਪਏ ਨੂੰ ਛੂਹ ਗਿਆ ਤੇ ਅੱਗੇ ਹੋਰ ਵਧ ਸਕਦਾ ਹੈ। ਕੁੱਲ 2,000 ਕਰੋੜ ਰੁਪਏ ’ਚੋਂ ਬਹੁਤੀ ਚੋਰੀ ਖਪਤਕਾਰਾਂ ਵੱਲੋਂ ਮੀਟਰ ਰੀਡਿੰਗ 600 ਯੂਨਿਟਾਂ ਤੋਂ ਹੇਠਾਂ ਰੱਖਣ ਦਾ ਨਤੀਜਾ ਹੈ, ਜੋ ਘਰੇਲੂ ਖਪਤਕਾਰਾਂ ਲਈ ਮੁਫ਼ਤ ਹਨ।

ਪੀਐੇੱਸਪੀਸੀਐੱਲ ਦੇ ਅੰਕੜਿਆਂ ਮੁਤਾਬਕ ਪੀਐੇੱਸਪੀਸੀਐੱਲ ਦੇ ਸਰਹੱਦੀ ਤੇ ਪੱਛਮੀ ਜ਼ੋਨਾਂ ’ਚ ਕੁੱਲ 2099 ਫੀਡਰ ਵਿੱਚੋਂ 77 ਫ਼ੀਸਦ (1,616) ਫੀਡਰਾਂ ’ਚ ਪਿਛਲੇ ਵਿੱਤੀ ਸਾਲ ਦੇ ਨੌਂ ਮਹੀਨਿਆਂ ’ਚ ਪਾਵਰਕੌਮ ਨੂੰ ਲਗਪਗ 1,442 ਕਰੋੜ ਦਾ ਨੁਕਸਾਨ ਹੋਇਆ ਹੈ। ਬਾਰਡਰ ਜ਼ੋਨ ਦੇ ਫੀਡਰਾਂ ’ਚ 80 ਤੋਂ 90 ਫ਼ੀਸਦ ਘਾਟੇ ਵਾਲੇ 19 ਫੀਡਰ ਹਨ, ਜੋ ਤਰਨ ਤਾਰਨ ਸਰਕਲ ਦੀ ਪੱਟੀ ਤੇ ਭਿੱਖੀਵਿੰਡ ਡਵੀਜ਼ਨ ਵਿੱਚ ਹਨ। ਜਦਕਿ 70 ਤੋਂ 80 ਫ਼ੀਸਦ ਘਾਟੇ ਵਾਲੇ 68 ਫੀਡਰਾਂ ’ਚੋਂ 44 ਬਾਰਡਰ ਜ਼ੋਨ ਤੇ 24 ਪੱਛਮੀ ਜ਼ੋਨ ਵਿੱਚ ਹਨ। ਇਸ ਵਰਗ ’ਚ ਅਜਨਾਲਾ, ਉਪ ਸ਼ਹਿਰੀ ਸਰਕਲ ’ਚ ਪੱਛਮ, ਤਰਨ ਤਾਰਨ ਸਰਕਲ ’ਚ ਪੱਟੀ ਤੇ ਭਿੱਖੀਵਿੰਡ, ਬਠਿੰਡਾ ਸਰਕਲ ’ਚ ਭਗਤਾ ਤੇ ਫਿਰੋਜ਼ਪੁਰ ਸਰਕਲ ’ਚ ਜ਼ੀਰਾ ਗੰਭੀਰ ਡਵੀਜ਼ਨਾਂ ਵਜੋਂ ਸ਼ਾਮਲ ਹਨ।

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐੱਸਈਆਰਸੀ) ਨੇ 2025-26 ਦੇ ਆਪਣੇ ਟੈਰਿਫ ਹੁਕਮ ’ਚ ਕਿਹਾ ਸੀ ਕਿ ਇਹ ਘਾਟਾ ਬਹੁਤ ਗੰਭੀਰ ਤਸਵੀਰ ਪੇਸ਼ ਕਰਦਾ ਹੈ ਤੇ ਪੀਐੱਸਪੀਸੀਐੱਲ ਨੂੰ ਕਾਰਵਾਈ ਕਰਨ ਦੀ ਲੋੜ ਹੈ। ਆਲ ਇੰਡੀਆ ਪਾਵਰ ਇੰਜਨੀਅਰ ਫੈਡਰੇਸ਼ਨ ਦੇ ਤਰਜਮਾਨ ਵੀ.ਕੇ. ਗੁਪਤਾ ਨੇ ਕਿਹਾ ਕਿ ਵੱਧ ਬਿਜਲੀ ਚੋਰੀ ਵਾਲੀਆਂ ਡਿਵੀਜ਼ਨਾਂ ’ਚ ਲਗਾਤਾਰ ਛਾਪੇ ਮਾਰਨੇ ਸਮੇਂ ਦੀ ਲੋੜ ਹੈ। ਤਰਨ ਤਾਰਨ ਸਰਕਲ ਦੇ ਐੱਸਈ ਮੋਹਤਮ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਨੇੜਲੇ ਖੇਤਰ ’ਚ ਭਿੱਖੀਵਿੰਡ, ਖਾਲੜਾ, ਅਮਰਕੋਟ, ਖੇਮਕਰਨ ਪੱਟੀ, ਕੈਰੋਂ, ਸਰਹਾਲੀ ਬਿਜਲੀ ਚੋਰੀ ਵਾਲੇ ਗੰਭੀਰ ਇਲਾਕੇ ਹਨ।

ਬਿਜਲੀ ਚੋਰੀ ਖ਼ਿਲਾਫ ਕਾਰਵਾਈ ਯਕੀਨੀ ਬਣਾਵਾਂਗੇ: ਬਿਜਲੀ ਮੰਤਰੀ

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ, ‘‘ਸਾਡੇ ਟਰਾਂਸਮਿਸ਼ਨ ਘਾਟੇ ’ਚ ਕਮੀ ਆਈ ਹੈ ਤੇ ਹੁਣ ਧਿਆਨ ਬਿਜਲੀ ਚੋਰੀ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ’ਤੇ ਹੈ। ਸਾਡੀਆਂ ਐਨਫੋਰਸਮੈਂਟ ਵਿੰਗ ਟੀਮਾਂ ਅਜਿਹੀ ਚੋਰੀ ਰੋਕਣ ਦੇ ਸਮਰੱਥ ਹਨ।’’ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨਰ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਦੀਆਂ ਟੀਮਾਂ ਪਿੰਡਾਂ ’ਚ ‘ਨਾਜਾਇਜ਼ ਕੁਨੈਕਸ਼ਨਾਂ’ ਦੀ ਜਾਂਚ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਰਹੱਦੀ ਇਲਾਕੇ ’ਚ ਸੇਵਾਵਾਂ ਨਿਭਾਅ ਚੁੱਕੇ ਇੱਕ ਸੀਨੀਅਰ ਇੰਜਨੀਅਰ ਨੇ ਕਿਹਾ, ‘‘ਸਥਾਨਕ ਰਾਜਸੀ ਆਗੂਆਂ ਤੋਂ ਲੈ ਕੇ ਕਿਸਾਨ ਯੂਨੀਅਨਾਂ ਦੇ ਮੈਂਬਰ ਤੇ ਕਦੇ ਕਦੇ ਪੁਲੀਸ ਵੀ ਆਪਣਾ ਪ੍ਰਭਾਵ ਵਰਤ ਕੇ ਸਾਡੀਆਂ ਟੀਮਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।’’

Share: