ਨਵੀਂ ਦਿੱਲੀ : ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਦਰਜ ਕੀਤੇ ਕੇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮਾਨ ਸਰਕਾਰ ਨੂੰ ਅਸੁਰੱਖਿਅਤ ਤੇ ਅਯੋਗ ਦੱਸਿਆ।
ਰਮੇਸ਼ ਨੇ ਕਿਹਾ, ‘‘ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲੰਘੇ ਦਿਨੀਂ ਇਕ ਨਿੱਜੀ ਟੈਲੀਵਿਜ਼ਨ ਨੂੰ ਦਿੱਤੀ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਸੂਬੇ ਵਿਚ 50 ਹੱਥਗੋਲੇ ਸਮਗਲ ਕੀਤੇ ਗਏ ਹਨ। ਉਨ੍ਹਾਂ ਦਾ ਬਿਆਨ ਮੀਡੀਆ ਵਿਚ ਆਈਆਂ ਖ਼ਬਰਾਂ ’ਤੇ ਅਧਾਰਿਤ ਸੀ ਤੇ ਅਜਿਹੇ ਮੌਕੇ ਆਇਆ ਹੈ ਜਦੋਂ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ 16 ਗ੍ਰਨੇਡ ਧਮਾਕੇ ਹੋ ਚੁੱਕੇ ਹਨ।’’
ਉਨ੍ਹਾਂ ਕਿਹਾ, ‘‘ਇਸ ਚੇਤਾਵਨੀ ਨੂੰ ਸੰਜੀਦਗੀ ਨਾਲ ਲੈਣ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਬਾਜਵਾ, ਜਿਨ੍ਹਾਂ ਅਤਿਵਾਦ ਦੌਰਾਨ ਆਪਣਾ ਪਰਿਵਾਰ ਗੁਆਇਆ ਹੈ, ’ਤੇ ਹੀ ਦਹਿਸ਼ਤਗਰਦਾਂ ਨਾਲ ਸਬੰਧਾਂ ਦੇ ਦੋਸ਼ ਮੜ ਦਿੱਤੇ। ਕਾਊਂਟਰ ਇੰਟੈਲੀਜੈਂਸ ਦੀ ਇਕ ਟੀਮ ਸ੍ਰੀ ਬਾਜਵਾ ਦੀ ਰਿਹਾਇਸ਼ ’ਤੇ ਭੇਜੀ ਗਈ ਤੇ ਹੁਣ ਭਾਰਤੀ ਨਿਆਂਏ ਸੰਹਿਤਾ 2023 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।’’
ਉਨ੍ਹਾਂ ਕਿਹਾ, ‘‘ਸਪੱਸ਼ਟ ਤੌਰ ’ਤੇ, ਪੰਜਾਬ ਦੇ ਮੁੱਖ ਮੰਤਰੀ- ਅਸੁਰੱਖਿਅਤ ਅਤੇ ਅਯੋਗ- ਅਤੇ ਭ੍ਰਿਸ਼ਟ ‘ਆਪ’ ਲੀਡਰਸ਼ਿਪ ਘਬਰਾ ਗਈ ਹੈ ਅਤੇ ਡਰਾਉਣ-ਧਮਕਾਉਣ, ਬਦਨਾਮ ਕਰਨ ਅਤੇ ਧਮਕੀਆਂ ਦੇਣ ਦਾ ਸਹਾਰਾ ਲੈ ਰਹੀ ਹੈ। ਇਹ ਕੰਮ ਨਹੀਂ ਕਰੇਗਾ। ਪੰਜਾਬ ਵਿੱਚ ਸ਼ਾਸਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਇੰਡੀਅਨ ਨੈਸ਼ਨਲ ਕਾਂਗਰਸ ਚੁੱਪ ਨਹੀਂ ਰਹੇਗੀ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਦੀ ਰਹੇਗੀ।’’