ਨਵੀਂ ਦਿੱਲੀ : ਗੱਦੀਓਂ ਲਾਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਖਿਲਾਫ਼ ਜਾਰੀ ਤਾਜ਼ਾ ਵਾਰੰਟਾਂ ਮਗਰੋਂ ਮੁਲਕ ਦੇ ਅੰਤਰਿਮ ਮੁਖੀ ਮੁਹੰਮਦ ਯੂਨਸ ਨੂੰ ਚੇਤਾਵਨੀ ਦਿੱਤੀ ਹੈ ਕਿ ‘ਜੇ ਉਹ ਅੱਗ ਨਾਲ ਖੇਡਣਗੇ ਤਾਂ ਉਨ੍ਹਾਂ ਦੇ ਹੱਥ ਵੀ ਸੜਨਗੇ।’ ਹਸੀਨਾ ਨੇ ਦੋਸ਼ ਲਾਇਆ ਕਿ ਯੂਨਿਸ ਬੰਗਲਾਦੇਸ਼ ਨੂੰ ਤਬਾਹ ਕਰਨ ਲਈ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸਾਜ਼ਿਸ਼ਾਂ ਘੜ ਰਹੇ ਹਨ।
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਅਵਾਮੀ ਲੀਗ ਦੇ ਸਮਰਥਕਾਂ ਨੂੰ ਸੋਸ਼ਲ ਮੀਡੀਆ ’ਤੇ ਸੱਜਰੇ ਸੰਬੋਧਨ ਵਿਚ ਕਿਹਾ, ‘‘ਬੰਗਲਾਦੇਸ਼ ਦੀ ਆਜ਼ਾਦੀ ਲਹਿਰ ਦੀਆਂ ਸਾਰੀਆਂ ਪੈੜਾਂ ਮਿਟਾਈਆਂ ਜਾ ਰਹੀਆਂ ਹਨ। ਮੁਕਤੀ ਜੋਧਿਆਂ (ਆਜ਼ਾਦੀ ਘੁਲਾਟੀਆਂ) ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਅਸੀਂ ਉਨ੍ਹਾਂ ਦੀਆਂ ਪੈੜਾਂ ਨੂੰ ਜਿਊਂਦਾ ਰੱਖਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਮੁਕਤੀ ਜੋਧਾ ਕੰਪਲੈਕਸ ਬਣਾਏ ਸਨ, ਪਰ ਉਨ੍ਹਾਂ ਨੂੰ ਸਾੜਿਆ ਜਾ ਰਿਹਾ ਹੈ। ਕੀ ਡਾ. ਯੂਨਿਸ ਇਸ ਨੂੰ ਜਾਇਜ਼ ਠਹਿਰਾ ਸਕਣਗੇ?’’ ਹਸੀਨਾ ਨੇ ਯੂਨਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ‘‘ਜੇ ਤੁਸੀਂ ਅੱਗ ਨਾਲ ਖੇਡੋਗੇ, ਤਾਂ ਇਹ ਤੁਹਾਨੂੰ ਵੀ ਸਾੜ ਦੇਵੇਗੀ।’’
ਹਸੀਨਾ ਨੇ ਦੋਸ਼ ਲਾਇਆ, ‘‘ਉਸ ਸੱਤਾ ਦੇ ਭੁੱਖੇ, ਪੈਸੇ ਦੇ ਭੁੱਖੇ, ਸਵਾਰਥੀ ਵਿਅਕਤੀ ਨੇ ਇੱਕ ਵਿਦੇਸ਼ੀ ਸਾਜ਼ਿਸ਼ ਰਚੀ ਅਤੇ ਦੇਸ਼ ਨੂੰ ਤਬਾਹ ਕਰਨ ਲਈ ਵਿਦੇਸ਼ਾਂ ਤੋਂ ਪੈਸੇ ਦੀ ਵਰਤੋਂ ਕੀਤੀ। ਬੀਐੱਨਪੀ (ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ) ਅਤੇ ਜਮਾਤ-ਏ-ਇਸਲਾਮੀ ਸਿਆਸੀ ਕਤਲ ਅਤੇ (ਅਵਾਮੀ ਲੀਗ ਦੇ ਨੇਤਾਵਾਂ) ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।’’
ਪਿਛਲੇ ਹਫ਼ਤੇ ਸ਼ਨਿੱਚਰਵਾਰ ਨੂੰ ਢਾਕਾ ਵਿੱਚ ਹਸੀਨਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਰਾਖਵਾਂਕਰਨ ਵਿਵਾਦ ਨੂੰ ਲੈ ਕੇ ਵਿਦਿਆਰਥੀਆਂ ਦੇ ਬੇਮਿਸਾਲ ਵਿਰੋਧ ਪ੍ਰਦਰਸ਼ਨਾਂ ਮਗਰੋਂ ਬੰਗਲਾਦੇਸ਼ ਵਿੱਚ ਆਪਣੀ ਸਰਕਾਰ ਦੇ ਪਤਨ ਤੋਂ ਬਾਅਦ 5 ਅਗਸਤ 2024 ਤੋਂ ਬਾਅਦ ਭਾਰਤ ਵਿੱਚ ਸ਼ਰਨ ਲੈਣ ਵਾਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਵਾਮੀ ਲੀਗ ਦੇ ਸ਼ਾਸਨ ਦੇ ਅੰਤ ਨੇ ਬੰਗਲਾਦੇਸ਼ ਨੂੰ ‘ਉਦਯੋਗਿਕ ਝਟਕਾ’ ਦਿੱਤਾ ਹੈ। ਉਨ੍ਹਾਂ ਕਿਹਾ, ‘‘ਹਜ਼ਾਰਾਂ ਫੈਕਟਰੀਆਂ ਉਦੋਂ ਤੋਂ ਬੰਦ ਹੋ ਗਈਆਂ ਹਨ। ਅਵਾਮੀ ਲੀਗ ਦੇ ਨੇਤਾਵਾਂ ਨਾਲ ਜੁੜੀ ਕਾਰੋਬਾਰ ਸਾੜ ਦਿੱਤੇ ਗਏ ਹਨ। ਉਦਯੋਗ ਖਤਮ ਹੋ ਰਹੇ ਹਨ। ਹੋਟਲ, ਹਸਪਤਾਲ, ਸਭ ਕੁਝ ਤਬਾਹ ਹੋ ਰਿਹਾ ਹੈ।’’ ਆਪਣੀ ਤਕਰੀਰ ਵਿਚ ਹਸੀਨਾ ਨੇ ਵਿਦਿਆਰਥੀ ਕਾਰਕੁਨ ਅਬੂ ਸਈਦ ਦਾ ਵੀ ਹਵਾਲਾ ਦਿੱਤਾ, ਜੋ ਪਿਛਲੇ ਸਾਲ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦਾ ਚਿਹਰਾ ਮੋਹਰਾ ਸੀ। ਸਈਦ ਦੀ ਪਿਛਲੇ ਸਾਲ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੌਤ ਹੋ ਗਈ ਸੀ। ਇਸ ਦੌਰਾਨ, ਹਸੀਨਾ ਨੇ ਯੂਨਸ ਦੀ ਅਗਵਾਈ ਵਾਲੇ ਸ਼ਾਸਨ ’ਤੇ ਮਿਹਨਤੀ ਬੰਗਲਾਦੇਸ਼ੀਆਂ ਲਈ ਉਮੀਦ ਖਤਮ ਕਰਨ ਦਾ ਦੋਸ਼ ਵੀ ਲਗਾਇਆ।
ਹਸੀਨਾ ਨੇ ਕਿਹਾ, ‘‘ਉੱਚ ਡਾਕਟਰਾਂ ਅਤੇ ਸਰਜਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸਿਆਸੀ ਵਰਕਰਾਂ ਨੂੰ ਪੁਲੀਸ ਵਰਦੀਆਂ ਦਿੱਤੀਆਂ ਗਈਆਂ ਹਨ। ਕੀ ਉਹ ਨੌਕਰੀ ਲਈ ਯੋਗ ਹਨ? ਕੋਈ ਨਿਯਮ ਨਹੀਂ ਅਪਣਾਏ ਗਏ। ਅਤੇ ਬੀਐਨਪੀ ਲੁੱਟਣ ਵਿੱਚ ਰੁੱਝੀ ਹੋਈ ਹੈ। ਉਹ ਦੇਸ਼ ਨੂੰ ਤਬਾਹ ਕਰ ਰਹੇ ਹਨ। ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹਨ। ਕਿਸਾਨ ਦੁਖੀ ਹਨ। ਮਿਹਨਤੀ ਲੋਕ ਆਪਣੀ ਰੋਜ਼ੀ-ਰੋਟੀ ਗੁਆ ਰਹੇ ਹਨ। ਉਹ ਹਰ ਕਦਮ ’ਤੇ ਮਨੁੱਖਾਂ ਦਾ ਘਾਣ ਕਰ ਰਹੇ ਹਨ। ਮੈਂ ਇਸ ਨੂੰ ਜਾਰੀ ਨਹੀਂ ਰਹਿਣ ਦੇ ਸਕਦੀ।’’