ਤਲਵੰਡੀ ਸਾਬੋ : ਸਿੱਖ ਕੌਮ ਵਿੱਚ ਚੌਥੇ ਤਖ਼ਤ ਵਜੋਂ ਜਾਣੇ ਜਾਂਦੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਲੱਗਿਆ ਚਾਰ ਰੋਜ਼ਾ ਵਿਸਾਖੀ ਮੇਲਾ ਅੱਜ ਸ਼ਾਮ ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘ ਜਥੇਬੰਦੀਆਂ ਦੇ ਘੋੜ ਸਵਾਰਾਂ ਵੱਲੋਂ ਕੱਢੇ ਗਏ ਰਵਾਇਤੀ ਮਹੱਲੇ ਨਾਲ ਸਮਾਪਤ ਹੋ ਗਿਆ। ਚਾਰ ਦਿਨ ਚੱਲੇ ਇਸ ਮੇਲੇ ਦੌਰਾਨ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਅਤੇ ਨਿਹੰਗ ਸਿੰਘ ਧਾਰਮਿਕ ਜਥੇਬੰਦੀ ਬੁੱਢਾ ਦਲ ਵੱਲੋਂ ਵੱਡੀ ਗਿਣਤੀ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾਇਆ ਗਿਆ। ਇਸ ਮੌਕੇ ਬੁੱਢਾ ਦਲ ਵੱਲੋਂ ਗਤਕਾ ਮੁਕਾਬਲੇ ਕਰਵਾਏ ਗਏ। ਤਰਕਸ਼ੀਲ ਸੁਸਾਇਟੀ ਵੱਲੋਂ ਮੇਲੇ ਵਿੱਚ ਦੋ ਦਿਨ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਅਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਦਾ ਉਪਰਾਲਾ ਕੀਤਾ ਗਿਆ।
ਮੇਲੇ ਦੇ ਅੱਜ ਆਖ਼ਰੀ ਦਿਨ ਸਵੇਰ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹੱਲਾ ਕੱਢਿਆ ਗਿਆ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸੰਗਤਾਂ ਨੂੰ ਮਹੱਲੇ ਦੀਆਂ ਵਧਾਈਆਂ ਦਿੱਤੀਆਂ। ਨਿਹੰਗ ਜਥੇਬੰਦੀਆਂ ਨੇ ਬਾਅਦ ਦੁਪਹਿਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਮਹੱਲਾ ਕੱਢਿਆ। ਪਹਿਲਾਂ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ 10ਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਦਸਮ ਗ੍ਰੰਥ ਅਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਸਕੱਤਰ ਦਿਲਜੀਤ ਸਿੰਘ ਬੇਦੀ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਇੰਦਰ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ ਸ਼ਾਮਲ ਹੋਏ।
ਨੀਲੇ ਬਾਣਿਆਂ ਵਿੱਚ ਸਜੇ ਨਿਹੰਗ ਸਿੰਘ ਸ਼ਿੰਗਾਰੇ ਹੋਏ ਘੋੜਿਆਂ, ਊਠਾਂ ਅਤੇ ਹਾਥੀਆਂ ’ਤੇ ਸਵਾਰ ਹੋ ਕੇ ਪਹਿਲਾਂ ਨਿਹੰਗਾਂ ਸਿੰਘਾਂ ਦੀ ਮੁੱਖ ਛਾਉਣੀ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿੱਚ ਇਕੱਠੇ ਹੋਏ। ਇੱਥੋਂ ਉਹ ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਅਰਦਾਸ ਕਰਨ ਉਪਰੰਤ ਨਗਾਰਿਆਂ ਦੀਆਂ ਚੋਟਾਂ ਅਤੇ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋਏ। ਉਹ ਤਖ਼ਤ ਸਾਹਿਬ ਦੀ ਪਰਿਕਰਮਾ ਕਰਕੇ ਅਤੇ ਇਤਿਹਾਸਕ ਗੁਰਦੁਆਰਾ ਮਹੱਲਸਰ ਵਿਖੇ ਮੱਥਾ ਟੇਕ ਦੇ ਸਥਾਨਕ ਬੱਸ ਅੱਡੇ ਕੋਲ ਖੁੱਲ੍ਹੇ ਮੈਦਾਨ ਵਿੱਚ ਪਹੁੰਚੇ। ਇੱਥੇ ਘੋੜ ਸਵਾਰ ਨਿਹੰਗ ਸਿੰਘਾਂ ਨੇ ਇੱਕ, ਦੋ, ਤਿੰਨ ਅਤੇ ਚਾਰ ਘੋੜਿਆਂ ਦੀ ਘੋੜ ਸਵਾਰੀ, ਕਿੱਲਾ ਪੁੱਟਣ ਅਤੇ ਗਤਕੇ ਦੇ ਕਰਤੱਵ ਦਿਖਾਏ। ਇਸ ਮੌਕੇ ਕੁਸ਼ਤੀਆਂ ਵੀ ਹੋਈਆਂ। ਬਾਬਾ ਬਲਬੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ। ਮਹੱਲੇ ਵਿੱਚ ਸ਼ਿੰਗਾਰੇ ਹਾਥੀ, ਊਠ ਅਤੇ ਘੋੜੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਘੋੜਿਆਂ ਦੀ ਫੇਟ ਵਿੱਚ ਆਉਣ ਨਾਲ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਤਲਵੰਡੀ ਸਾਬੋ ’ਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਫੇਲ੍ਹ ਹੋਏ: ਕਾਹਨੇਕੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਮਾਨਸਾ ਹਲਕੇ ਤੋਂ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਅੱਜ ਇੱਥੇ ਕਿਹਾ ਕਿ ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿੱਚ ਖਾਲਸਾ ਸਾਜਨਾ ਦਿਵਸ ਮਨਾਉਂਦਿਆਂ ਪ੍ਰਬੰਧ ਪਹਿਲੀ ਵਾਰ ਫੇਲ੍ਹ ਹੋਏ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮਾੜੇ ਪ੍ਰਬੰਧਾਂ ਕਾਰਨ ਨੌਜਵਾਨ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਸ਼ਰਧਾਲੂ ਬਿਜਲੀ ਦਾ ਕਰੰਟ ਲੱਗਣ ਕਾਰਨ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਕਾਫ਼ੀ ਘਾਟਾਂ ਰਹੀਆਂ। ਉਨ੍ਹਾਂ ਕਮੇਟੀ ਦੇ ਪ੍ਰਧਾਨ ਤੋਂ ਇਸ ਘਟਨਾ ਦੀ ਜਾਂਚ ਕਰਵਾਉਣ ਅਤੇ ਮਾੜੇ ਪ੍ਰਬੰਧ ਲਈ ਜ਼ਿੰਮੇਵਾਰ ਮੈਨੇਜਰ ਦੀ ਤੁਰੰਤ ਬਦਲੀ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਇੱਕ ਹੋਰ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਜੋ ਸੁਖਬੀਰ ਸਿੰਘ ਬਾਦਲ ਧੜੇ ਦੇ ਨੇੜਲੇ ਆਗੂ ਹਨ, ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਬਿਨਾਂ ਕਾਰਨ ਵਿਰੋਧ ਕੀਤਾ ਜਾ ਰਿਹਾ ਹੈ।