ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰੁਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਈਐੱਲਆਈ) ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਵਾਰ ਕੀਤੇ ਅਤੇ ਪੁੱਛਿਆ ਕਿ ਕੀ ਇਹ ਵੀ ਜੁਮਲਾ ਹੀ ਹੈ। ਰਾਹੁਲ ਨੇ ਐੱਕਸ ’ਤੇ ਕਿਹਾ ਕਿ ਉਹ (ਮੋਦੀ) ਹਰ ਰੋਜ਼ ਨਵੇਂ ਨਾਅਰੇ ਲਾਉਂਦੇ ਹਨ ਪਰ ਨੌਜਵਾਨ ਹਾਲੇ ਵੀ ਅਸਲ ਮੌਕਿਆਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ, ‘ਭਾਰਤ ਨੂੰ ਲੋੜੀਂਦੀਆਂ ਕਰੋੜਾਂ ਨੌਕਰੀਆਂ ਪੈਦਾ ਕਰਨ ਲਈ ਤੁਹਾਡੀ ਠੋਸ ਯੋਜਨਾ ਕੀ ਹੈ ਜਾਂ ਇਹ ਵੀ ਸਿਰਫ ਜੁਮਲਾ ਹੀ ਹੈ?’ ਉਧਰ ਭਾਜਪਾ ਨੇ ਕਾਂਗਰਸ ਆਗੂ ’ਤੇ ਇਸ ਸਬੰਧੀ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ 2024 ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ‘ਰੁਜ਼ਗਾਰ ਨਾਲ ਜੁੜੀ ਪ੍ਰੋਤਸਾਹਨ’ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘ਇਸ ਯੋਜਨਾ ਦਾ ਐਲਾਨ ਕੀਤੇ ਲਗਪਗ ਸਾਲ ਪੂਰਾ ਹੋ ਗਿਆ ਹੈ, ਸਰਕਾਰ ਨੇ ਇਸ ਨੂੰ ਪਰਿਭਾਸ਼ਿਤ ਵੀ ਨਹੀਂ ਕੀਤਾ ਅਤੇ ਇਸ ਨੂੰ ਅਲਾਟ ਕੀਤੇ 10,000 ਕਰੋੜ ਰੁਪਏ ਵਾਪਸ ਕਰ ਦਿੱਤੇ ਹਨ। ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਬੇਰੁਜ਼ਗਾਰੀ ਨੂੰ ਲੈ ਕੇ ਕਿੰਨੇ ਗੰਭੀਰ ਹਨ।’ ਭਾਜਪਾ ਆਗੂ ਅਮਿਤ ਮਾਲਵੀਆ ਨੇ ਕਿਹਾ ਕਿ ਜਾਂ ਤਾਂ ਰਾਹੁਲ ਗਾਂਧੀ ਦੀ ਟੀਮ ਉਨ੍ਹਾਂ ਨੂੰ ਤੱਥਾਂ ਬਾਰੇ ਜਾਣਕਾਰੀ ਦੇਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਜਾਂ ਫਿਰ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਉਹ ਭਾਰਤ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਆਪਣੀ ਅਗਿਆਨਤਾ ਨੂੰ ਹਥਿਆਰ ਵਜੋਂ ਵਰਤ ਰਹੇ ਹਨ।
Posted inNews
ਰਾਹੁਲ ਨੇ ਰੁਜ਼ਗਾਰ ਨਾਲ ਸਬੰਧਤ ਯੋਜਨਾ ’ਤੇ ਮੋਦੀ ਨੂੰ ਘੇਰਿਆ
