ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰਵਾਦ ਬਾਰੇ ਵਿਰੋਧੀ ਧਿਰਾਂ ਨੂੰ ਘੇਰਦਿਆਂ ਅੱਜ ਕਿਹਾ ਕਿ ਉਹ ਸੱਤਾ ਦੇ ਲਾਲਚ ’ਚ ਸਿਰਫ਼ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਤ ਕਰਦੇ ਹਨ ਜਦਕਿ ਉਨ੍ਹਾਂ ਦੀ ਸਰਕਾਰ ਸਾਰਿਆਂ ਦੇ ਵਿਕਾਸ ਲਈ ਕੰਮ ਕਰਦੀ ਹੈ। ਆਪਣੇ ਸੰਸਦੀ ਹਲਕੇ ਵਾਰਾਣਸੀ ’ਚ 3,800 ਕਰੋੜ ਰੁਪਏ ਦੀ ਲਾਗਤ ਦੇ 44 ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਹਮੇਸ਼ਾ ‘ਸਬਕਾ ਸਾਥ, ਸਬਕਾ ਵਿਕਾਸ’ ਨੂੰ ਤਰਜੀਹ ਦਿੱਤੀ ਹੈ। ਜਿਹੜੇ ਸੱਤਾ ਦੇ ਭੁੱਖੇ ਹਨ, ਉਹ ਦਿਨ-ਰਾਤ ਸਿਆਸੀ ਖੇਡਾਂ ਖੇਡਦੇ ਹਨ। ਉਨ੍ਹਾਂ ਦਾ ਸਿਧਾਂਤ ‘ਪਰਿਵਾਰ ਕਾ ਸਾਥ, ਪਰਿਵਾਰ ਕਾ ਵਿਕਾਸ’ ਹੈ।’’ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭੋਜਪੁਰੀ ’ਚ ਲੋਕਾਂ ਦੇ ਸਵਾਗਤ ਨਾਲ ਕੀਤੀ। ਮੋਦੀ ਨੇ ਦਲਿਤ ਸਮਾਜ ਸੁਧਾਰਕ ਮਹਾਤਮਾ ਜਯੋਤੀਬਾ ਫੂਲੇ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਪਿਛਲੇ ਦਹਾਕੇ ’ਚ ਵਾਰਾਣਸੀ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਪੂਰਵਾਂਚਲ ’ਚ ਸਿਹਤ ਸਹੂਲਤਾਂ ਦੀ ਕਮੀ ਸੀ ਪਰ ਅੱਜ ਕਾਸ਼ੀ ਖ਼ਿੱਤੇ ਦੀ ਸਿਹਤ ਰਾਜਧਾਨੀ ਬਣ ਰਿਹਾ ਹੈ। ਯੂਪੀ ਮੁਲਕ ’ਚ ਜੀਆਈ ਟੈਗਿੰਗ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ। ਵਾਰਾਣਸੀ ਦੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਦਾ ਹੋਕਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ 2036 ਦੀਆਂ ਓਲੰਪਿਕ ਖੇਡਾਂ ਭਾਰਤ ’ਚ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਉਹ ਤਗਮੇ ਜਿੱਤਣ ਲਈ ਆਪਣੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦੇਣ। ਮੋਦੀ ਦੇ 2014 ’ਚ ਪ੍ਰਧਾਨ ਮੰਤਰੀ ਬਣਨ ਮਗਰੋਂ ਇਹ ਉਨ੍ਹਾਂ ਦਾ ਵਾਰਾਣਸੀ ਦਾ 50ਵਾਂ ਦੌਰਾ ਸੀ।
ਜਬਰ-ਜਨਾਹ ਮਾਮਲੇ ’ਚ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਦੇ ਆਪਣੇ ਦੌਰੇ ਦੌਰਾਨ ਇਥੇ ਹੋਏ ਸਮੂਹਿਕ ਜਬਰ-ਜਨਾਹ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣ।
ਆਨੰਦਪੁਰ ਧਾਮ ’ਚ ਕੀਤੀ ਪੂਜਾ
ਅਸ਼ੋਕਨਗਰ (ਮੱਧ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ ’ਚ ਆਨੰਦਪੁਰ ਧਾਮ ਪਹੁੰਚੇ ਅਤੇ ਉਥੇ ਗੁਰੂ ਜੀ ਮਹਾਰਾਜ ਮੰਦਰ ਅੰਦਰ ਪੂਜਾ ਕੀਤੀ। ਮੋਦੀ ਦਾ ਇਸ ਵਰ੍ਹੇ ਮੱਧ ਪ੍ਰਦੇਸ਼ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 23 ਫਰਵਰੀ ਨੂੰ ਛਤਰਪੁਰ ਜ਼ਿਲ੍ਹੇ ਦੇ ਬਾਗੇਸ਼ਵਰ ਧਾਮ ਦਾ ਦੌਰਾ ਕੀਤਾ ਸੀ ਅਤੇ ਅਗਲੇ ਦਿਨ ਉਨ੍ਹਾਂ ਭੁਪਾਲ ’ਚ ਆਲਮੀ ਨਿਵੇਸ਼ਕ ਸਿਖਰ ਸੰਮੇਲਨ ਦਾ ਉਦਘਾਟਨ ਕੀਤਾ ਸੀ।