ਨਵੀਂ ਦਿੱਲੀ : ਇਥੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗੁਰਮੀਤ ਸਿੰਘ ਵੱਲੋਂ ਸੰਪਾਦਿਤ ਪੁਸਤਕ ‘ਰੀਮੈਂਬਰਿੰਗ ਦਿ ਗ੍ਰੇਟ ਇੰਡੀਅਨ ਇਕੋਨੋਮਿਸਟ ਡਾ. ਮਨਮੋਹਨ ਸਿੰਘ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦੀ ਪਤਨੀ ਬੀਬੀ ਗੁਰਸ਼ਰਨ ਕੌਰ ਨੇ ਕੀਤੀ ਅਤੇ ਪਦਮ ਵਿਭੂਸ਼ਣ ਐਵਾਰਡੀ ਮੌਂਟੇਕ ਸਿੰਘ ਆਹਲੂਵਾਲੀਆ ਮੁੱਖ ਮਹਿਮਾਨ ਵਜੋਂ ਪਹੁੰਚੇ। ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਮਗਰੋਂ ਡਾ. ਮਨਮੋਹਨ ਸਿੰਘ ਬਾਰੇ ਸਦਨ ਵੱਲੋਂ ਤਿਆਰ ਕੀਤੀ ਗਈ ਦਸਤਾਵੇਜ਼ੀ ਦਿਖਾਈ ਗਈ।
ਬੀਬੀ ਗੁਰਸ਼ਰਨ ਕੌਰ ਨੇ ਪੁਸਤਕ ਰਿਲੀਜ਼ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਹਮੇਸ਼ਾ ਦੇਸ਼ ਬਾਰੇ ਫ਼ਿਕਰਮੰਦ ਰਹਿੰਦੇ ਸਨ ਤੇ ਉਨ੍ਹਾਂ ਦੇਸ਼ ਹਿੱਤ ਖਾਸ ਕਰਕੇ ਆਰਥਿਕ ਪੱਖੋਂ ਕਮਜ਼ੋਰ ਸ਼੍ਰੇਣੀ ਲਈ ਜੋ ਕੁਝ ਵੀ ਕੀਤਾ, ਇਹ ਸਭ ਪਰਮਾਤਮਾ ਦੀ ਮਿਹਰ ਸਦਕਾ ਹੈ। ਗੁਰਮੀਤ ਸਿੰਘ ਨੇ ਪੁਸਤਕ ਦੀ ਸਿਰਜਨਾ ਅਤੇ ਪ੍ਰੇਰਨਾ ਸਰੋਤਾਂ ਬਾਰੇ ਸੰਖੇਪ ’ਚ ਦੱਸਿਆ। ਮੌਂਟੇਕ ਸਿੰਘ ਆਹਲੂਵਾਲੀਆ ਨੇ ਡਾ. ਮਨਮੋਹਨ ਸਿੰਘ ਨਾਲ ਗੁਜ਼ਾਰੇ ਪਲ ਸਾਂਝੇ ਕਰਦਿਆਂ ਉਨ੍ਹਾਂ ਨੂੰ ਦੇਸ਼ ਅਤੇ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਪ੍ਰਧਾਨ ਮੰਤਰੀ ਦੱਸਿਆ। ਅਖੀਰ ’ਚ ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜੀਬੀਐੱਸ ਸਿੱਧੂ ਨੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।