ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਦੋ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮਹਿਲਾ-ਪੁਰਸ਼ ਦੇ ਜੋੜੇ ਦੇ ਰੂਪ ਵਿੱਚ ਨਾਲ ਰਹਿਣ ਦੇ ਮਾਮਲੇ ’ਚ ਕਿਹਾ ਕਿ ਸੰਵਿਧਾਨ ਤਹਿਤ ਬਾਲਗ ਜੋੜਾ ਇਕੱਠਾ ਰਹਿ ਸਕਦਾ ਹੈ, ਭਾਵੇਂ ਕਿ ਉਨ੍ਹਾਂ ਨੇ ਵਿਆਹ ਨਾ ਵੀ ਕੀਤਾ ਹੋਵੇ। ਇਸ ਜੋੜੇ ਦੀ ਨਾਬਾਲਗ ਬੱਚੀ ਵੱਲੋਂ ਦਾਇਰ ਰਿੱਟ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਸ਼ੇਖਰ ਬੀ ਸਰਾਫ ਅਤੇ ਜਸਟਿਸ ਵਿਪਿਨ ਚੰਦਰ ਦੀਕਸ਼ਿਤ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਇਸ ਬੱਚੀ ਦੇ ਮਾਂ-ਪਿਓ ਵੱਖ-ਵੱਖ ਧਰਮਾਂ ਤੋਂ ਹਨ ਅਤੇ 2018 ਤੋਂ ਨਾਲ ਰਹਿ ਰਹੇ ਹਨ। ਇਹ ਬੱਚੀ ਇਕ ਸਾਲ ਚਾਰ ਮਹੀਨੇ ਦੀ ਹੈ। ਬੱਚੀ ਦੀ ਮਾਂ ਦੇ ਪਹਿਲਾਂ ਦੇ ਸੱਸ-ਸਹੁਰੇ ਤੋਂ, ਉਸ ਦੇ (ਬੱਚੀ ਦੇ) ਮਾਂ-ਪਿਓ ਨੂੰ ਖ਼ਤਰੇ ਦੀ ਸੰਭਾਵਨਾ ਹੈ।’’ ਅਦਾਲਤ ਨੇ 8 ਅਪਰੈਲ ਦੇ ਆਪਣੇ ਫੈਸਲੇ ਵਿੱਚ ਕਿਹਾ, ‘‘ਸਾਡੇ ਵਿਚਾਰ ਮੁਤਾਬਕ ਸੰਵਿਧਾਨ ਤਹਿਤ ਉਹ ਮਾਂ-ਪਿਓ ਜਿਹੜੇ ਬਾਲਗ ਹਨ, ਨਾਲ ਰਹਿਣ ਦੇ ਹੱਕਦਾਰ ਹਨ। ਭਾਵੇਂ ਕਿ ਉਨ੍ਹਾਂ ਨੇ ਵਿਆਹ ਨਾ ਵੀ ਕੀਤਾ ਹੋਵੇ।’’
Posted inNews