ਵਿੱਤ ਮੰਤਰੀ ਸੀਤਾਰਾਮਨ ਵੱਲੋਂ ਲੰਡਨ ਦੇ ਮੇਅਰ ਨਾਲ ਦੁਵੱਲੀ ਵਾਰਤਾ

ਵਿੱਤ ਮੰਤਰੀ ਸੀਤਾਰਾਮਨ ਵੱਲੋਂ ਲੰਡਨ ਦੇ ਮੇਅਰ ਨਾਲ ਦੁਵੱਲੀ ਵਾਰਤਾ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨ ਲੰਡਨ ਦੇ ਮੇਅਰ ਅਲੈਸਟਰ ਕਿੰਗ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਮੇਅਰ ਕਿੰਗ ਨੇ ਕਿਹਾ ਕਿ ਬਰਤਾਨੀਆ ਭਾਰਤ ’ਚ ਬੁਨਿਆਦੀ ਢਾਂਚੇ ਲਈ ਵਿੱਤੀ ਫੰਡਿੰਗ ਹੋਰ ਵਧਾਉਣ ਦਾ ਇੱਛੁਕ ਹੈ। ਮੇਅਰ ਨੇ ਯੂਕੇ ਇੰਡੀਆ ਇਨਫਰਾਸਟਰੱਕਚਰ ਫਾਇਨਾਂਸਿੰਗ ਬਰਿੱਜ ’ਤੇ ਚੱਲ ਰਹੇ ਸਹਿਯੋਗ ਦਾ ਜ਼ਿਕਰ ਕੀਤਾ ਅਤੇ ਇਸ ਪਹਿਲ ਤਹਿਤ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਹੋਰ ਵਧਾਉਣ ਦੀ ਮੰਗ ਕੀਤੀ। ਕੇਂਦਰੀ ਵਿੱਤ ਮੰਤਰੀ ਨੇ ਬਰਤਾਨੀਆ ਦੌਰੇ ਦੌਰਾਨ ਮੇਅਰ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰੀ ਸੀਤਾਰਮਨ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ, ‘ਲਾਰਡ ਮੇਅਰ ਨੇ ਭਾਰਤ ਨਾਲ ਆਪਣੇ ਡੂੰਘੇ ਲਗਾਓ ਦਾ ਜ਼ਿਕਰ ਕੀਤਾ ਅਤੇ 2047 ਤੱਕ ਵਿਕਸਿਤ ਭਾਰਤ ਲਈ ਭਾਰਤ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ। ਲਾਰਡ ਮੇਅਰ ਨੇ ਯੂਕੇ ਇੰਡੀਆ ਇਨਫਰਾਸਰੱਕਚਰ ਫਾਇਨਾਂਸਿੰਗ ਬਰਿੱਜ ’ਤੇ ਚੱਲ ਰਹੇ ਸਹਿਯੋਗ ਦਾ ਜ਼ਿਕਰ ਕੀਤਾ ਅਤੇ ਇਸ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ।’ ਮੇਅਰ ਨੇ ਕਿਹਾ ਕਿ ਭਾਰਤ ਬੁਨਿਆਦੀ ਢਾਂਚਾ ਖੇਤਰ ’ਚ ਆਰਥਿਕ ਤੇ ਨਿਵੇਸ਼ ਵਿਕਾਸ ਲਈ ਇੱਕ ਵੱਡਾ ਮੌਕਾ ਮੁਹੱਈਆ ਕਰਦਾ ਹੈ। ਉਨ੍ਹਾਂ ਭਾਰਤ ਦੀਆਂ ਵਿਕਾਸ ਯੋਜਨਾਵਾਂ ’ਚ ਯੂਕੇ ਦੀਆਂ ਵਿੱਤੀ ਸੰਸਥਾਵਾਂ ਦੀ ਭਾਈਵਾਲੀ ਵਧਾਉਣ ’ਚ ਦਿਲਚਸਪੀ ਦਿਖਾਈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਸਟਰੀਆ ਪੁੱਜੀ
ਲੰਡਨ:
 ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਯੂੁਕੇ ਦੌਰੇ ਮਗਰੋਂ ਆਸਟਰੀਆ ਪਹੁੰਚ ਗਈ ਹੈ। ਵਿੱਤ ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਅਪਡੇਟ ’ਚ ਦੱਸਿਆ ਕਿ ਆਸਟਰੀਆ ’ਚ ਭਾਰਤੀ ਸਫ਼ੀਰ ਸ਼ੰਭੂ ਐੱਸ. ਕੁਮਾਰਨ ਨੇ ਵਿੱਤ ਮੰਤਰੀ ਦਾ ਵੀਏਨਾ ’ਚ ਸਵਾਗਤ ਕੀਤਾ। ਬਿਆਨ ’ਚ ਕਿਹਾ ਗਿਆ ਕਿ ਸੀਤਾਰਮਨ ਅਧਿਕਾਰਤ ਦੌਰੇ ਦੌਰਾਨ ਆਸਟਰੀਆ ਦੇ ਵਿੱਤ ਮੰਤਰੀ ਮਾਰਕਸ ਮਾਰਟਰਬੂਏਰ, ਅਰਥਵਿਵਸਥਾ, ਊਰਜਾ ਤੇ ਸੈਰ ਸਪਾਟਾ ਮੰਤਰੀ ਵੌਲਫਗੈਂਗ ਹੈਟਮੈਨਸਡੌਰਫਰ ਸਣੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰਨਗੇ।

Share: