ਮੁਰਮੂ ਨੇ ਸਲੋਵਾਕੀਆ ਦੇ ਬੱਚਿਆਂ ਨਾਲ ਰਾਮਾਇਣ ’ਤੇ ਆਧਾਰਿਤ ਕਠਪੁਤਲੀ ਪ੍ਰੋਗਰਾਮ ਦੇਖਿਆ

ਮੁਰਮੂ ਨੇ ਸਲੋਵਾਕੀਆ ਦੇ ਬੱਚਿਆਂ ਨਾਲ ਰਾਮਾਇਣ ’ਤੇ ਆਧਾਰਿਤ ਕਠਪੁਤਲੀ ਪ੍ਰੋਗਰਾਮ ਦੇਖਿਆ

ਬ੍ਰਾਤੀਸਲਾਵਾ : ਸਲੋਵਾਕੀਆ ਦੇ ਦੋ ਰੋਜ਼ਾ ਸਰਕਾਰੀ ਦੌਰੇ ’ਤੇ ਪੁੱਜੀ ਭਾਰਤੀ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਲੋਵਾਕੀਆ ਦੇ ਬੱਚਿਆਂ ਨਾਲ ਰਾਮਾਇਣ ’ਤੇ ਆਧਾਰਿਤ ਕਠਪੁਤਲੀ ਪ੍ਰੋਗਰਾਮ ਦੇਖਿਆ। 45 ਮਿੰਟ ਦਾ ਇਹ ਸ਼ੋਅ ਉੱਥੋਂ ਦੀ ਭਾਸ਼ਾ ਵਿੱਚ ਸੀ। ਇਹ ਸ਼ੋਅ ਭਗਵਾਨ ਕ੍ਰਿਸ਼ਨ ਦੀ ਭਗਤ ਅਤੇ ਭਾਰਤੀ ਸਭਿਆਚਾਰ ਦੀ ਪ੍ਰਸ਼ੰਸਕ ਲੈਂਕਾ ਮੁਕੋਵਾ ਵੱਲੋਂ ਕਰਵਾਇਆ ਗਿਆ। ਇਸ ਸ਼ੋਅ ਵਿੱਚ ਸਲੋਵਾਕੀਆ ਦੇ 150 ਬੱਚਿਆਂ ਨੇ ਹਿੱਸਾ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਵੀ ਇਸ ਸ਼ੋਅ ਵਿੱਚ ਇਕ ਦਰਸ਼ਕ ਵਜੋਂ ਸ਼ਾਮਲ ਹੋਏ।

ਪ੍ਰੈਸੋਵ ਵਿੱਚ ‘ਬਾਬਾਦਲੋ ਪਪੇਟ ਥੀਏਟਰ’ ਦੀ ਮੁੱਖ ਮੈਂਬਰ ਮੁਕੋਵਾ ਨੇ ਆਪਣੀ ਅਧਿਆਤਮਕ ਪ੍ਰੇਰਨਾ ਅਤੇ ਕਲਾਤਮਕ ਦ੍ਰਿਸ਼ਟੀ ਨਾਲ ਇਕ ਅਜਿਹਾ ਪ੍ਰੋਗਰਾਮ ਤਿਆਰ ਕੀਤਾ ਜੋ ਕਿ ਬੱਚਿਆਂ ਤੇ ਵੱਡਿਆਂ ਦੋਹਾਂ ਨੂੰ ਪਸੰਦ ਆਇਆ। ਉਨ੍ਹਾਂ ਸਲੋਵਾਕੀਆ ਅਤੇ ਚੈੱਕ ਗਣਰਾਜ ਦੇ ਕਈ ਸ਼ਹਿਰਾਂ ਵਿੱਚ ਹੁਣ ਤੱਕ ਅਜਿਹੇ 20 ਪ੍ਰੋਗਰਾਮ ਕੀਤੇ ਹਨ। ਲੇਖ ਸ੍ਰਵੰਤੀ ਦੇਵੀਦਾਸੀ ਦੇ ਨਾਮ ਨਾਲ ਮਸ਼ਹੂਰ ਮੁਕੋਵਾ ਨੇ ਕਿਹਾ, ‘‘ਮੈਂ ਪਿਛਲੇ 17 ਸਾਲਾਂ ਤੋਂ ਕ੍ਰਿਸ਼ਨ ਦੀ ਭਗਤ ਹਾਂ। ਮੈਨੂੰ ਰਾਮਾਇਣ ਦੀ ਕਹਾਣੀ ਪਸੰਦ ਹੈ ਕਿਉਂਕਿ ਇਹ ਭਾਵਨਾਵਾਂ, ਪ੍ਰੇਮ ਅਤੇ ਮੁੱਲਾਂ ਨਾਲ ਭਰਪੂਰ ਹੈ।’’ ਰਾਸ਼ਟਰਪਤੀ ਨੇ ਸਲੋਵਾਕੀਆ ਦੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਦੀ ਇਕ ਪ੍ਰਦਰਸ਼ਨੀ ਵੀ ਦੇਖੀ। ਭਾਰਤ ਦੇ ਰਾਜਦੂਤ ਅਪੂਰਵ ਸ੍ਰੀਵਾਸਤਵ ਨੇ ਦੱਸਿਆ, ‘‘ਅਸੀਂ ਸਲੋਵਾਕੀਆ ਦੇ ਬੱਚਿਆਂ ਨੂੰ ਭਾਰਤੀ ਸਭਿਆਚਾਰ ਤੋਂ ਜਾਣੂ ਕਰਵਾਉਣ ਵਾਸਤੇ ਇਹ ਪ੍ਰੋਗਰਾਮਾਂ ਕਰਵਾਉਣ ਬਾਰੇ ਸੋਚਿਆ ਸੀ। ਇਹ ਬੱਚੇ ਦੋਵੇਂ ਦੇਸ਼ਾਂ ਦੇ ਬਰਾਂਡ ਅੰਬੈਸਡਰ ਹੋਣਗੇ।’’

ਭਾਰਤੀ ਰਾਸ਼ਟਰਪਤੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ

ਨਾਈਟਰਾ: ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅੱਜ ਇੱਥੇ ਕਾਂਸਟੇਟਾਈਨ ਦਿ ਫਿਲਾਸਫਰ ਯੂਨੀਵਰਸਿਟੀ ਵੱਲੋਂ ‘ਜਨਤਕ ਸੇਵਾ ਵਿੱਚ ਵਿਸ਼ੇਸ਼ ਯੋਗਦਾਨ’ ਵਾਸਤੇ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਪਤੀ ਸਲੋਵਾਕੀਆ ਤੇ ਪੁਰਤਗਾਲ ਦੇ ਆਪਣੇ ਚਾਰ ਰੋਜ਼ਾ ਦੌਰੇ ਦੇ ਆਖ਼ਰੀ ਦਿਨ ਇਹ ਸਨਮਾਨ ਪ੍ਰਾਪਤ ਕਰਨ ਵਾਸਤੇ ਯੂਨੀਵਰਸਿਟੀ ਕੰਪਲੈਕਸ ਪੁੱਜੀ। ਯੂਨੀਵਰਸਿਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਨੂੰ ਜਨਤਕ ਸੇਵਾ ਤੇ ਸ਼ਾਸਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।

Share: