ਮਾਨ ਨੇ ‘ਸਿਆਸੀ ਜਾਸੂਸੀ’ ਲਈ ਖ਼ੁਫ਼ੀਆ ਮਸ਼ੀਨਰੀ ਵਰਤੀ: ਜਾਖੜ

ਮਾਨ ਨੇ ‘ਸਿਆਸੀ ਜਾਸੂਸੀ’ ਲਈ ਖ਼ੁਫ਼ੀਆ ਮਸ਼ੀਨਰੀ ਵਰਤੀ: ਜਾਖੜ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ‘ਸਿਆਸੀ ਜਾਸੂਸੀ’ ਲਈ ਸੂਬੇ ਦੀ ਖੁਫ਼ੀਆ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧ ’ਚ ਜਾਖੜ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ੍ਰੀ ਜਾਖੜ ਨੇ ਰਾਜਪਾਲ ਨੂੰ ਲਿੱਖੇ ਪੱਤਰ ਵਿੱਚ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ, ‘‘ਮੈਂ ਸਰਕਾਰ ਵਿੱਚ ਹਾਂ, ਮੇਰੇ ਕੋਲ ਖੁਫੀਆ ਜਾਣਕਾਰੀ ਹੈ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਕੋਈ ਛੋਟੀ ਟਿੱਪਣੀ ਨਹੀਂ ਕੀਤੀ, ਸਗੋਂ ਉਨ੍ਹਾਂ ਸਵੀਕਾਰ ਕੀਤਾ ਕਿ ਉਹ ਰਾਜਨੀਤਕ ਵਿਰੋਧੀਆਂ ਤੇ ਹੋਰ ਪਾਰਟੀਆਂ ਦੇ ਅੰਦਰੂਨੀ ਕੰਮਕਾਜ ਦੀ ਨਿਗਰਾਨੀ ਲਈ ਰਾਜ ਦੇ ਖੁਫ਼ੀਆ ਤੰਤਰ ਨੂੰ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਅਜਿਹਾ ਬਿਆਨ ਦੇਣ ਤੋਂ ਕੁਝ ਦਿਨ ਬਾਅਦ ਹੀ ਏਡੀਜੀਪੀ ਇੰਟੈਲੀਜੈਂਸ ਆਰ.ਕੇ. ਜੈਸਵਾਲ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜਾਖੜ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਹ ਵੀ ਸੂਬਾ ਸਰਕਾਰ ਦੀ ਕਮਜ਼ੋਰੀ ਨੂੰ ਜੱਗ ਜ਼ਾਹਿਰ ਕਰਦਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਪੱਤਰ ਰਾਹੀਂ ਰਾਜਪਾਲ ਤੋਂ ਸੂਬੇ ਦੀ ਖੁਫੀਆ ਜਾਣਕਾਰੀ ਦੀ ਦੁਰਵਰਤੋਂ ਅਤੇ ਏਡੀਜੀਪੀ ਨੂੰ ਹਟਾਉਣ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਕੇਂਦਰ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀਆਂ ਕੋਲ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇਸ ਲਈ ਇਹ ਸਿਰਫ਼ ਇਕ ਰਾਜ ਦਾ ਮੁੱਦਾ ਨਹੀਂ ਸਗੋਂ ਕੌਮੀ ਸੁਰੱਖਿਆ ਦਾ ਮਾਮਲਾ ਹੈ।

Share: