ਕੋਚਿੰਗ ਸੈਂਟਰ ’ਚ ਗੋਲੀਆਂ ਚੱਲੀਆਂ

ਕੁਰੂਕਸ਼ੇਤਰ : ਇੱਥੇ ਅੱਜ ਦੁਪਹਿਰੇ ਸ਼ਾਹਬਾਦ ਦੇ ਲਾਡਵਾ ਰੋਡ ’ਤੇ ਸਥਿਤ ਕੋਚਿੰਗ ਸੈਂਟਰ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਦਿ ਪੀਆਰ ਗਲੋਬਲ ਆਈਲੈੱਟਸ ਅਤੇ ਪੀਟੀਈ ਕੋਚਿੰਗ ਸੈਂਟਰ ਵਿੱਚ ਵਾਪਰੀ। ਇੱਥੇ ਕੁੱਲ 6 ਗੋਲੀਆਂ ਚਲਾਈਆਂ। ਚਸ਼ਮਦੀਦਾਂ ਅਨੁਸਾਰ ਦੁਪਹਿਰ ਵੇਲੇ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਸਿੱਧੇ ਕੋਚਿੰਗ ਸੈਂਟਰ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਪਹਿਲਾਂ ਰਿਸੈਪਸ਼ਨ ਦੇ ਨੇੜੇ ਖੜ੍ਹੇ ਵਿਅਕਤੀ ਨੂੰ ਗੋਲੀ ਮਾਰੀ ਅਤੇ ਫਿਰ ਬਿਨਾਂ ਰੁਕੇ ਸੈਂਟਰ ਵਿੱਚ ਤਿੰਨ ਗੋਲੀਆਂ ਚਲਾਈਆਂ ਅਤੇ ਬਾਹਰ ਨਿਕਲਦੇ ਸਮੇਂ ਦੋ ਗੋਲੀਆਂ ਚਲਾਈਆਂ। ਮਗਰੋਂ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਗਏ। ਜ਼ਖਮੀ ਦੀ ਪਛਾਣ ਸ਼ਾਹਬਾਦ ਵਾਸੀ ਭੂਸ਼ਣ ਸੇਠੀ ਵਜੋਂ ਹੋਈ ਹੈ, ਜੋ ਆਪਣੀ ਧੀ ਭਾਰਤੀ ਨੂੰ ਦੁਪਹਿਰ ਦਾ ਖਾਣਾ ਦੇਣ ਆਇਆ ਸੀ, ਜੋ ਸੈਂਟਰ ਵਿੱਚ ਰਿਸੈਪਸ਼ਨਿਸਟ ਹੈ। ਉਸ ਨੂੰ ਸ਼ਾਹਬਾਦ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਆਦੇਸ਼ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਇਹੀ ਦੋਵੇਂ ਨੌਜਵਾਨ ਬੁੱਧਵਾਰ ਦੁਪਹਿਰ ਨੂੰ ਕੇਂਦਰ ਵਿੱਚ ਰਿਸੈਪਸ਼ਨ ’ਤੇ ਕੈਨੇਡਾ ਜਾਣ ਬਾਰੇ ਜਾਣਕਾਰੀ ਲੈ ਕੇ ਗਏ ਸਨ। ਹਮਲਾਵਰਾਂ ਨੇ ਸੈਂਟਰ ਦੀ ਰਿਸੈਪਸ਼ਨ ’ਤੇ ਇੱਕ ਕਾਗਜ਼ ਵੀ ਛੱਡਿਆ, ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ, ਨੋਨੀ ਰਾਣਾ ਅਤੇ ਕਾਲਾ ਰਾਣਾ ਗਰੁੱਪ ਦੇ ਨਾਂ ਲਿਖੇ ਹਨ। ਹੁਡਾ ਪੁਲੀਸ ਚੌਕੀ ਦੇ ਐੱਸਐੱਚਓ ਸਤੀਸ਼ ਕੁਮਾਰ ਅਤੇ ਕ੍ਰਾਈਮ ਬ੍ਰਾਂਚ-2 ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਥਾਣਾ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੋਰੈਂਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share: