ਚਾਰ ਜ਼ਿਲ੍ਹਿਆਂ ਵਿੱਚੋਂ 693 ਮੁਲਜ਼ਮ ਨਸ਼ੀਲੇ ਪਦਾਰਥਾਂ ਸਣੇ ਕਾਬੂ

ਚਾਰ ਜ਼ਿਲ੍ਹਿਆਂ ਵਿੱਚੋਂ 693 ਮੁਲਜ਼ਮ ਨਸ਼ੀਲੇ ਪਦਾਰਥਾਂ ਸਣੇ ਕਾਬੂ

ਪਟਿਆਲਾ : ਪਟਿਆਲਾ ਰੇਂਜ ਦੇ ਅਧੀਨ ਆਉਂਦੇ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਪਹਿਲੀ ਜਨਵਰੀ ਤੋਂ ਹੁਣ ਤੱਕ ਦੇ 100 ਦਿਨਾਂ ’ਚ 693 ਮੁਲਜ਼ਮਾਂ ਖਿਲਾਫ਼ ਨਸ਼ਾ ਤਸਕਰੀ ਦੇ 484 ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ 21.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਕੀਤੇ ਗਏ ਬਾਕੀ ਨਸ਼ੀਲੇ ਪਦਾਰਥਾਂ ’ਚ 3.6 ਕਿੱਲੋ ਸਮੈਕ, 2525 ਕਿੱਲੋ ਭੁੱਕੀ, 17.5 ਕਿੱਲੋ ਅਫ਼ੀਮ, 83 ਕਿੱਲੋ ਸੁਲਫ਼ਾ, ਗਾਂਜਾ, 13,3,400 ਨਸ਼ੀਲੀਆਂ ਗੋਲੀਆਂ ਅਤੇੇ ਕੈਪਸੂਲ ਅਤੇ 15,18,740 ਰੁਪਏ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

ਇਸ ਸਬੰਧੀ ਅੱਜ ਇਥੇ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇਹ ਕਾਰਵਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 100 ਦਿਨਾਂ ਦੌਰਾਨ ਅਮਲ ’ਚ ਲਿਆਂਦੀ ਗਈ ਹੈ। ਨਸ਼ੇ ਦੇ ਧੰਦੇ ’ਚ ਵਰਤੇ ਗਏੇ 56 ਵਾਹਨ ਵੀ ਜਬਤ ਕੀਤੇ ਗਏ ਹਨ ਤੇ 8 ਪੀਓ ਵੀ ਗ੍ਰਿਫ਼ਤ ’ਚ ਆਏ। ਇਸ ਦੌਰਾਨ ਤਸਕਰਾਂ ਵੱਲੋਂ ਨਸ਼ੇ ਦੇ ਕਾਲੇ ਕਾਰੋਬਾਰ ਜ਼ਰੀਏ ਖ਼ਰੀਦੀਆਂ 4.83 ਕਰੋੜ ਮੁੱਲ ਦੀਆਂ 11 ਜਾਇਦਾਦਾਂ ਵੀ ਕੁਰਕ ਕੀਤੀਆਂ ਅਤੇ ਨਾਜਾਇਜ਼ ਉਸਾਰੇ 6 ਮਕਾਨ ਵੀ ਢਾਹੇ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਸੈਂਕੜੇ ਜਾਗਰੂਕਤਾ ਸੈਮੀਨਾਰ, ਮੀਟਿੰਗਾਂ ਅਤੇ ਨਸ਼ਾ ਵਿਰੋਧੀ ਸਾਈਕਲ ਤੇ ਪੈਦਲ ਰੈਲੀਆਂ ਵੀ ਕੀਤੀਆਂ ਗਈਆਂ। 149 ਹੋਰ ਮੁਲਜ਼ਮਾਂ ਤੋਂ 60823 ਲਿਟਰ ਨਾਜਾਇਜ਼ ਸ਼ਰਾਬ ਅਤੇ 2410 ਲਿਟਰ ਲਾਹਣ ਵੀ ਬਰਾਮਦ ਕੀਤਾ। ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦਿਆਂ 16 ਹਥਿਆਰ ਵੀ ਬਰਾਮਦ ਕੀਤੇ।

Share: