ਚੀਨ ਜਵਾਬੀ ਟੈਕਸ ਵਾਪਸ ਲਏ, ਨਹੀਂ ਤਾਂ ਵੱਖਰੇ ਤੌਰ ’ਤੇ 50 ਫੀਸਦ ਟੈਕਸ ਲਗਾਵਾਂਗੇ: ਟਰੰਪ

ਚੀਨ ਜਵਾਬੀ ਟੈਕਸ ਵਾਪਸ ਲਏ, ਨਹੀਂ ਤਾਂ ਵੱਖਰੇ ਤੌਰ ’ਤੇ 50 ਫੀਸਦ ਟੈਕਸ ਲਗਾਵਾਂਗੇ: ਟਰੰਪ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਵੱਲੋਂ ਲਗਾਇਆ ਗਿਆ ਜਵਾਬੀ ਸਰਹੱਦੀ ਟੈਕਸ ਵਾਪਸ ਨਾ ਲੈਣ ਦੀ ਸਥਿਤੀ ਵਿਚ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਦੇ ਇਸ ਬਿਆਨ ਨਾਲ ਵਿਸ਼ਵ ਦੇ ਦੋ ਸਿਖਰਲੇ ਅਰਥਚਾਰਿਆਂ ਦਰਮਿਆਨ ਵਪਾਰਕ ਜੰਗ ਹੋਰ ਡੂੰਘੀ ਹੋਣ ਤੇ ਆਲਮੀ ਪੱਧਰ ’ਤੇ ਆਰਥਿਕ ਬੇਯਕੀਨੀ ਦਾ ਮਾਹੌਲ ਬਣਨ ਦਾ ਖ਼ਦਸ਼ਾ ਵਧ ਗਿਆ ਹੈ।

ਟਰੰਪ ਨੇ ਸੋਸ਼ਲ ਮੀਡੀਆ ਮੰਚ ‘ਟਰੁੱਥ ਸੋਸ਼ਲ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਜੇ ਚੀਨ 8 ਅਪਰੈਲ 2025 ਤੱਕ 34 ਫੀਸਦ ਦਾ ਵਾਧਾ ਵਾਪਸ ਨਹੀਂ ਲੈਂਦਾ ਤਾਂ ਅਸੀਂ ਚੀਨ ’ਤੇ 50 ਫੀਸਦ ਵਾਧੂ ਟੈਕਸ ਲਗਾਵਾਂਗੇ, ਜੋ 9 ਅਪਰੈਲ ਤੋਂ ਅਮਲ ਵਿਚ ਆ ਜਾਵੇਗਾ।’’

ਇਸ ਦੇ ਨਾਲ ਹੀ ਟਰੰਪ ਨੇ ਚੀਨ ਨਾਲ ਸਾਰੀਆਂ ਤਜਵੀਜ਼ਤ ਬੈਠਕਾਂ ਸਮਾਪਤ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ 2 ਅਪਰੈਲ ਨੂੰ ਚੀਨ ਅਤੇ ਭਾਰਤ ਸਮੇਤ ਕਰੀਬ 60 ਦੇਸ਼ਾਂ ’ਤੇ ਵਾਧੂ ਕਸਟਮ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਚੀਨੀ ਉਤਪਾਦਾਂ ’ਤੇ 34 ਫੀਸਦ ਦੀ ਵਾਧੂ ਡਿਊਟੀ ਲਗਾਈ ਹੈ। ਇਸ ਦੇ ਜਵਾਬ ਵਿਚ ਚੀਨ ਨੇ ਵੀ ਅਮਰੀਕੀ ਦਰਾਮਦਾਂ ’ਤੇ 34 ਫੀਸਦ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ।

ਵਪਾਰਕ ਜੰਗ ਛਿੜਨ ਦੇ ਖਦਸ਼ਿਆਂ ਕਰਕੇ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Share: