ਬਿਹਾਰ ’ਚ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਕਾਂਗਰਸ: ਰਾਹੁਲ

ਬਿਹਾਰ ’ਚ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਕਾਂਗਰਸ: ਰਾਹੁਲ

ਪਟਨਾ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ’ਚ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਜਿੱਥੇ ਪਾਰਟੀ ਦਲਿਤਾਂ ਦੇ ਸ਼ਕਤੀਕਰਨ ਰਾਹੀਂ ਸਰਬਪੱਖੀ ਵਿਕਾਸ ਕਰਨ ’ਚ ਨਾਕਾਮ ਰਹੀ ਹੈ।

ਪਟਨਾ ’ਚ ‘ਸੰਵਿਧਾਨ ਸੁਰੱਖਿਆ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਸਟਮ ਤਿਆਰ ਕੀਤਾ ਹੈ ਜਿਸ ’ਚ ਦੇਸ਼ ਨੂੰ ਪੰਜ ਫੀਸਦ ਅਬਾਦੀ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਸਾਰੇ ਕਾਰਪੋਰਟ ਸੰਸਾਰ ਨੂੰ ਸਿਰਫ਼ 10-15 ਲੋਕ ਕੰਟਰੋਲ ਕਰ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਕਾਂਗਰਸ ’ਚ ਇਹ ਸਵੀਕਾਰ ਕਰਨ ਵਾਲਾ ਪਹਿਲਾਂ ਵਿਅਕਤੀ ਹਾਂ ਕਿ ਅਸੀਂ ਬਿਹਾਰ ’ਚ ਉਸ ਉਤਸ਼ਾਹ ਨਾਲ ਕੰਮ ਨਹੀਂ ਕੀਤਾ ਜਿਵੇਂ ਸਾਨੂੰ ਕਰਨਾ ਚਾਹੀਦਾ ਸੀ ਪਰ ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵੱਧਣਾ ਚਾਹੀਦਾ ਹੈ।’ ਉਨ੍ਹਾਂ ਭਰੋਸਾ ਜਤਾਇਆ ਕਿ ਬਿਹਾਰ ਦੇ ਲੋਕ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਨੂੰ ਨਵੀਂ ਦਿਸ਼ਾ ਦਿਖਾਉਣਗੇ। ਉਨ੍ਹਾਂ ਕਿਹਾ ਕਿ ਬਿਹਾਰ ’ਚ ਵਿਰੋਧੀ ਪਾਰਟੀਆਂ ਦਾ ਮਹਾਂਗੱਠਜੋੜ ਦਲਿਤਾਂ, ਮਹਿਲਾਵਾਂ ਤੇ ਆਰਥਿਕ ਪੱਖੋਂ ਪੱਛੜੇ ਵਰਗਾਂ (ਈਬੀਐੱਸ) ਦੇ ਵਿਕਾਸ ਲਈ ਕੰਮ ਕਰੇਗਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਾਂਗਰਸ ਕੇਂਦਰ ’ਚ ਸੱਤਾ ਵਿੱਚ ਆਉਣ ਤੋਂ ਬਾਅਦ ਰਾਖਵਾਂਕਰਨ ਦੀ 50 ਦੀ ਹੱਦ ਨੂੰ ਖਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਿਤ ਤਿਲੰਗਾਨਾ ’ਚ ਕੀਤੀ ਗਈ ਜਾਤੀ ਆਧਾਰਿਤ ਜਨਗਣਨਾ ਦੀ ਤਰ੍ਹਾਂ ਇਹ ਦੇਸ਼ ਦੇ ਵਿਕਾਸ ਮਾਡਲ ਨੂੰ ਬਦਲ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਜਿਹਾ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਮਹਾਂਗੱਠਜੋੜ ਦਲਿਤਾਂ, ਮਹਿਲਾਵਾਂ ਤੇ ਈਬੀਸੀ ਦੀ ਭਲਾਈ ਲਈ ਪ੍ਰਤੀਬੱਧ ਹੈ। ਅਸੀਂ ਜਾਤੀ ਜਨਗਣਨਾ ਰਾਹੀਂ ਦੇਸ਼ ਦਾ ਐਕਸ-ਰੇਅ ਕਰਾਂਗੇ ਪਰ ਭਾਜਪਾ ਤੇ ਆਰਐੱਸਐੱਸ ਜਾਤੀ ਜਨਗਣਨਾ ਦੇ ਖ਼ਿਲਾਫ਼ ਹੈ।’ ਇਸੇ ਦੌਰਾਨ ਰਾਹੁਲ ਦੇ ਜਾਣ ਤੋਂ ਬਾਅਦ ਪਾਰਟੀ ਹੈੱਡਕੁਆਰਟਰ ’ਚ ਹੰਗਾਮਾ ਹੋ ਗਿਆ।

Share: