ਤਲ ਅਵੀਵ-ਹਮਾਸ ਖ਼ਿਲਾਫ਼ ਪਿਛਲੇ ਮਹੀਨੇ ਮੁੜ ਤੋਂ ਜੰਗ ਸ਼ੁਰੂ ਹੋਣ ਮਗਰੋਂ ਇਜ਼ਰਾਈਲ ਨੇ ਗਾਜ਼ਾ ਦੇ 50 ਫ਼ੀਸਦੀ ਤੋਂ ਜ਼ਿਆਦਾ ਹਿੱਸੇ ’ਤੇ ਆਪਣਾ ਕਬਜ਼ਾ ਕਰ ਲਿਆ ਹੈ।
ਫੌ਼ਜ ਵੱਲੋਂ ਕਬਜ਼ੇ ’ਚ ਲਿਆ ਗਿਆ ਵੱਡਾ ਹਿੱਸਾ ਗਾਜ਼ਾ ਸਰਹੱਦ ਦੇ ਨੇੜੇ ਹੈ ਜਿਥੇ ਫਲਸਤੀਨੀ ਘਰਾਂ, ਖੇਤੀ ਵਾਲੀ ਜ਼ਮੀਨ ਅਤੇ ਬੁਨਿਆਦੀ ਢਾਂਚੇ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਗਿਆ ਹੈ ਕਿ ਹੁਣ ਉਥੇ ਰਹਿਣਾ ਮੁਸ਼ਕਲ ਹੈ। ਹਾਲੀਆ ਹਫ਼ਤੇ ’ਚ ਇਸ ਫੌਜੀ ਬਫਰ ਜ਼ੋਨ ਦਾ ਘੇਰਾ ਦੁੱਗਣਾ ਹੋ ਗਿਆ ਹੈ। ਇਜ਼ਰਾਈਲ ਮੁਤਾਬਕ ਉਸ ਦੀ ਇਹ ਕਾਰਵਾਈ ਆਰਜ਼ੀ ਤੌਰ ’ਤੇ ਜ਼ਰੂਰੀ ਹੈ ਤਾਂ ਜੋ 7 ਅਕਤੂਬਰ, 2023 ਨੂੰ ਹੋਏ ਹਮਲੇ ਦੌਰਾਨ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨ ਲਈ ਹਮਾਸ ’ਤੇ ਦਬਾਅ ਬਣਾਇਆ ਜਾ ਸਕੇ। ਮਨੁੱਖੀ ਹੱਕਾਂ ਬਾਰੇ ਗੁੱਟਾਂ ਅਤੇ ਗਾਜ਼ਾ ਸਬੰਧੀ ਮਾਮਲਿਆਂ ਦੇ ਮਾਹਿਰਾਂ ਨੇ ਕਿਹਾ ਕਿ ਇਜ਼ਰਾਈਲ ਦੇ ਕਬਜ਼ੇ ਵਾਲੀ ਜ਼ਮੀਨ ’ਚ ਖ਼ਿੱਤੇ ਦੇ ਉੱਤਰ ਨੂੰ ਦੱਖਣ ਨਾਲ ਵੰਡਣ ਵਾਲਾ ਗਲਿਆਰਾ ਵੀ ਸ਼ਾਮਲ ਹੈ। ਇਜ਼ਰਾਈਲ ਦੇ ਪੰਜ ਫੌ਼ਜੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬਫਰ ਜ਼ੋਨ ਦਾ ਵਿਸਤਾਰ 18 ਮਹੀਨੇ ਪਹਿਲਾਂ ਜੰਗ ਸ਼ੁਰੂ ਹੋਣ ਮਗਰੋਂ ਜਾਰੀ ਹੈ। ਟੈਂਕ ਦਸਤੇ ਨਾਲ ਤਾਇਨਾਤ ਇਕ ਫੌਜੀ ਨੇ ਕਿਹਾ ਕਿ ਉਨ੍ਹਾਂ ਉਹ ਸਾਰਾ ਕੁਝ ਤਬਾਹ ਕਰ ਦਿੱਤਾ, ਜੋ ਉਹ ਕਰ ਸਕਦੇ ਸਨ। ਉਸ ਨੇ ਕਿਹਾ ਕਿ ਫ਼ਲਸਤੀਨੀ ਕਦੇ ਵੀ ਵਾਪਸ ਨਹੀਂ ਆਉਣਗੇ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਜਿਨ੍ਹਾਂ ਇਲਾਕਿਆਂ ’ਚ ਕਦੇ ਸੰਘਣੀ ਆਬਾਦੀ ਸੀ, ਉਹ ਹੁਣ ਮਲਬੇ ’ਚ ਤਬਦੀਲ ਹੋ ਗਏ ਹਨ ਅਤੇ ਜੰਗਬੰਦੀ ਸਮਝੌਤਾ ਖ਼ਤਮ ਹੋਣ ਮਗਰੋਂ ਉਥੇ ਕਰੀਬ ਇਕ ਦਰਜਨ ਨਵੀਆਂ ਇਜ਼ਰਾਇਲੀ ਫੌਜੀ ਚੌਕੀਆਂ ਬਣ ਗਈਆਂ ਹਨ।