ਕਮਲਾ ਹੈਰਿਸ ਨੇ ਵੱਕਾਰੀ ਚੇਅਰਮੈਨ ਪੁਰਸਕਾਰ ਜਿੱਤਿਆ

ਕਮਲਾ ਹੈਰਿਸ ਨੇ ਵੱਕਾਰੀ ਚੇਅਰਮੈਨ ਪੁਰਸਕਾਰ ਜਿੱਤਿਆ

ਲਾਸ ਏਂਜਲਸ : ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ਨਿਚਰਵਾਰ ਰਾਤ ਨੂੰ ਐੱਨਏਏਸੀਪੀ ਇਮੇਜ ਐਵਾਰਡਜ਼ ਦੇ ਪਲੈਟਫਾਰਮ ’ਤੇ ਇਕ ਗੰਭੀਰ ਸੁਨੇਹੇ ਨਾਲ ਪੁੱਜੀ। ਉਨ੍ਹਾਂ ਨਾਗਰਿਕ ਅਧਿਕਾਰ ਸੰਗਠਨ ਨੂੰ ਸਿਆਹਫਾਮ ਭਾਈਚਾਰੇ ਦਾ ਇਕ ਥੰਮ੍ਹ ਕਿਹਾ ਅਤੇ ਲੋਕਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਲਚਕੀਲਾ ਬਣੇ ਰਹਿਣ ਅਤੇ ਆਪਣੇ ਵਿਸ਼ਵਾਸ ’ਤੇ ਕਾਇਮ ਰਹਿਣ ਦੀ ਅਪੀਲ ਕੀਤੀ।

ਹੈਰਿਸ ਨੇ ਨੈਸ਼ਨਲ ਐਸੋਸੀਏਸ਼ਨ ਫਾਰ ਦਿ ਐਡਵਾਂਸਮੈਂਟ ਆਫ਼ ਕਲਰਡ ਪੀਪਲਜ਼ ਚੇਅਰਮੈਨ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ, ‘‘ਹਾਲਾਂਕਿ ਅਸੀਂ ਆਪਣੀ ਅਮਰੀਕੀ ਕਹਾਣੀ ਦੇ ਇਸ ਅਧਿਆਏ ਵਿੱਚ ਕਿਸ ਨਾਲ ਮੁਕਾਬਲਾ ਕਰਨਾ ਹੈ, ਇਸ ਬਾਰੇ ਕੋਈ ਭਰਮ ਨਹੀਂ ਹੈ ਪਰ ਇਹ ਅਧਿਆਏ ਸਿਰਫ਼ ਓਵਲ ਆਫ਼ਿਸ ਵਿੱਚ ਬੈਠਣ ਵਾਲੇ ਵਿਅਕਤੀ ਜਾਂ ਸਾਡੇ ’ਚੋਂ ਸਭ ਤੋਂ ਅਮੀਰ ਵਿਅਕਤੀ ਵੱਲੋਂ ਨਹੀਂ, ਬਲਕਿ ਅਮਰੀਕੀ ਕਹਾਣੀ ਤੁਹਾਡੇ ਵੱਲੋਂ ਲਿਖੀ ਜਾਵੇਗੀ। ਸਾਡੇ ਵੱਲੋਂ ਲਿਖੀ ਜਾਵੇਗੀ। ਅਸੀਂ ਲੋਕਾਂ ਵੱਲੋਂ।’’ ਉਹ ਪਹਿਲਾਂ ਕੈਲੀਫੋਰਨੀਆ ਤੋਂ ਅਮਰੀਕੀ ਸੈਨੇਟਰ ਤੇ ਸੂਬੇ ਦੀ ਅਟਾਰਨੀ ਜਨਰਲ ਰਹਿ ਚੁੱਕੇ ਹਨ। ਅਹੁਦਾ ਛੱਡਣ ਤੋਂ ਬਾਅਦ ਆਪਣੀ ਪਹਿਲੀ ਪ੍ਰਮੁੱਖ ਜਨਤਕ ਹਾਜ਼ਰੀ ਵਿੱਚ ਹੈਰਿਸ ਨੇ ਚੋਣਾਂ ’ਚ ਹੋਈ ਹਾਰ ਜਾਂ ਓਵਲ ਆਫ਼ਿਸ ਵਿੱਚ ਦਾਖ਼ਲ ਹੋਣ ਤੋਂ ਬਾਅਦ ਟਰੰਪ ਦੇ ਕੰਮਾਂ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ, ਟਰੰਪ ਨੇ ਉਸ ਦਿਨ ਪਹਿਲੀ ਕੰਜ਼ਰਵੇਟਿਵ ਪੌਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।

ਹੈਰਿਸ ਨੇ ਸਦੀਵੀਂ ਚੌਕਸੀ, ਆਜ਼ਾਦੀ ਦੀ ਕੀਮਤ, ਚੌਕਸ ਰਹਿਣ, ਸੱਚ ਦੀ ਭਾਲ ਅਤੇ ਅਮਰੀਕਾ ਦੇ ਭਵਿੱਖ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਕੁਝ ਲੋਕ ਸਾਡੇ ਦੁਮੇਲ ’ਤੇ ਅੱਗ ਦੀਆਂ ਲਪਟਾਂ ਨੂੰ ਦੇਖਦੇ ਹਨ, ਸਾਡੇ ਸ਼ਹਿਰਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ, ਸਾਡੇ ਲੋਕਤੰਤਰ ’ਤੇ ਸਿਆਹ ਪਰਛਾਵੇਂ ਹਨ ਅਤੇ ਉਹ ਪੁੱਛਦੇ ਹਨ ਕਿ ਹੁਣ ਕੀ ਕੀਤਾ ਜਾਵੇ? ਪਰ ਅਸੀਂ ਜਾਣਦੇ ਹਾਂ ਕਿ ਅਸਲ ਵਿੱਚ ਕੀ ਕਰਨਾ ਹੈ, ਕਿਉਂਕਿ ਅਸੀਂ ਇਹ ਪਹਿਲਾਂ ਵੀ ਕੀਤਾ ਹੈ ਅਤੇ ਅਸੀਂ ਇਸ ਨੂੰ ਮੁੜ ਤੋਂ ਕਰਾਂਗੇ। ਸਾਡੀ ਤਾਕਤ ਕਦੇ ਵੀ ਆਸਾਨ ਰਸਤਾ ਅਪਨਾਉਣ ਤੋਂ ਨਹੀਂ ਆਈ ਹੈ।’’

Share: