ਤਲ ਅਵੀਵ : ਗਾਜ਼ਾ ਵਿਚ ਇਜ਼ਰਾਇਲੀ ਬੰਦੀਆਂ ਨੂੰ ਸੌਂਪਣ ਮੌਕੇ ਉਨ੍ਹਾਂ ਦਾ ਅਪਮਾਨ ਕੀਤੇ ਜਾਣ ਦੇ ਹਵਾਲੇ ਨਾਲ ਇਜ਼ਰਾਈਲ ਵੱਲੋਂ ਅਗਲੇ ਬੰਦੀਆਂ ਦੀ ਰਿਹਾਈ ਦਾ ਭਰੋਸਾ ਮਿਲਣ ਤੱਕ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਵਿਚ ਦੇਰੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਇਹ ਬਿਆਨ ਅੱਜ ਸਵੇਰੇ ਉਸ ਸਮੇਂ ਆਇਆ ਜਦੋਂ ਕੈਦੀਆਂ ਨੂੰ ਲਿਜਾ ਰਹੀਆਂ ਗੱਡੀਆਂ ਓਫਰ ਜੇਲ੍ਹ ਦੇ ਖੁੱਲ੍ਹੇ ਦਰਵਾਜ਼ਿਆਂ ਤੋਂ ਬਾਹਰ ਨਿਕਲੀਆਂ, ਪਰ ਵਾਪਸ ਅੰਦਰ ਚਲੀਆਂ ਗਈਆਂ। ਸ਼ਨਿੱਚਰਵਾਰ ਨੂੰ 620 ਫਲਸਤੀਨੀ ਕੈਦੀਆਂ ਦੀ ਰਿਹਾਈ ਕਈ ਘੰਟਿਆਂ ਮਗਰੋਂ ਕੀਤੀ ਗਈ, ਜਦੋਂਕਿ ਇਹ ਛੇ ਇਜ਼ਰਾਈਲੀ ਬੰਦੀਆਂ ਦੇ ਰਿਹਾਅ ਹੋਣ ਤੋਂ ਫੌਰੀ ਮਗਰੋਂ ਕੀਤੀ ਜਾਣੀ ਸੀ। ਗਾਜ਼ਾ ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਣਤੀ ’ਚ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਸੀ। ਸ਼ਨਿੱਚਰਵਾਰ ਨੂੰ ਰਿਹਾਅ ਕੀਤੇ ਗਏ ਛੇ ਬੰਦੀਆਂ ਵਿੱਚੋਂ ਪੰਜ ਨੂੰ ਹਜੂਮ ਸਾਹਮਣੇ ਪੇਸ਼ ਕਰਨ ਮੌਕੇ ਨਕਾਬਪੋਸ਼ ਤੇ ਹਥਿਆਰਬੰਦ ਅਤਿਵਾਦੀਆਂ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਸੀ, ਜਿਸ ਦੀ ਸੰਯੁਕਤ ਰਾਸ਼ਟਰ ਅਤੇ ਹੋਰਨਾਂ ਨੇ ਆਲੋਚਨਾ ਕੀਤੀ ਹੈ। ਹਮਾਸ ਨੇ ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਉਮੀਦ ਮੁਤਾਬਕ ਛੇ ਜ਼ਿੰਦਾ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਸੀ, ਜਦੋਂਕਿ ਸ਼ੁਰੂਆਤੀ ਪੜਾਅ ਵਿਚ ਇੱਕ ਹਫ਼ਤਾ ਬਾਕੀ ਸੀ। ਇਜ਼ਰਾਈਲ ਦੇ ਉਪਰੋਕਤ ਐਲਾਨ ਨੇ ਜੰਗਬੰਦੀ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਹਮਾਸ ਨੇ ਜਿਨ੍ਹਾਂ ਛੇ ਇਜ਼ਰਾਇਲੀ ਬੰਦੀਆਂ ਨੂੰ ਰਿਹਾਅ ਕੀਤਾ ਹੈ, ਉਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਨੋਵਾ ਸੰਗੀਤ ਮੇਲੇ ਦੌਰਾਨ ਅਗਵਾ ਕੀਤਾ ਗਿਆ ਜਦੋਂਕਿ ਚੌਥੇ ਨੂੰ ਦੱਖਣੀ ਇਜ਼ਰਾਈਲ ਵਿਚ ਪਰਿਵਾਰ ਨੂੰ ਮਿਲਣ ਮੌਕੇ ਕਾਬੂ ਕੀਤਾ ਸੀ। ਜਦੋਂਕਿ ਬਾਕੀ ਦੋ ਜਣੇ ਪਿਛਲੇ ਇੱਕ ਦਹਾਕੇ ਤੋਂ ਉਨ੍ਹਾਂ ਦੀ ਗ੍ਰਿਫ਼ਤ ਵਿਚ ਸਨ ਤੇ ਆਪਣੀ ਮਰਜ਼ੀ ਨਾਲ ਗਾਜ਼ਾ ਵਿਚ ਦਾਖ਼ਲ ਹੋਏ ਸਨ।
Posted inNews
ਇਜ਼ਰਾਈਲ ਵੱਲੋਂ ਸੈਂਕੜੇ ਫ਼ਲਸਤੀਨੀ ਕੈਦੀਆਂ ਦੀ ਰਿਹਾਈ ’ਚ ਦੇਰੀ
