ਭਾਰਤ ਨੂੰ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ: ਟਰੰਪ

ਭਾਰਤ ਨੂੰ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ: ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਸਾਬਕਾ ਬਾਇਡਨ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਨੇ ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦੇ ਫੰਡ ਅਲਾਟ ਕੀਤੇ ਜਦਕਿ ਇਸ ਦੀ ਕੋਈ ਲੋੜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ’ਚ ‘ਗਵਰਨਰਜ਼ ਵਰਕਿੰਗ ਸੈਸ਼ਨ’ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਬਾਇਡਨ ਪ੍ਰਸ਼ਾਸਨ ਨੇ ‘ਵੋਟਿੰਗ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਟ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਵੱਲੋਂ ਯੂਐੱਸਏਡ ਮਾਮਲੇ ’ਚ ਅਜਿਹਾ ਦਾਅਵਾ ਪੰਜਵੀਂ ਵਾਰ ਕੀਤਾ ਗਿਆ ਹੈ।

ਟਰੰਪ ਨੇ ਬੀਤੇ ਦਿਨ ‘ਕੰਜ਼ਰਵੇਟਿਵ ਪੌਲਿਟੀਕਲ ਐਕਸ਼ਨ ਕਾਨਫਰੰਸ’ (ਸੀਪੀਏਸੀ) ’ਚ ਬੀਤੇ ਦਿਨ ਆਪਣੇ ਭਾਸ਼ਣ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਨੇ ਪਹਿਲਾਂ ਵੀ ਕਈ ਵਾਰ ਦਾਅਵਾ ਕੀਤਾ ਹੈ ਕਿ ‘ਚੋਣਾਂ ’ਚ ਵੋਟਰਾਂ ਦੀ ਭਾਗੀਦਾਰੀ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਮਦਦ ਕੀਤੀ ਗਈ ਅਤੇ ਉਨ੍ਹਾਂ ਇਸ ਲਈ ਅਮਰੀਕਾ ਦੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਨੂੰ ਨਿਸ਼ਾਨੇ ’ਤੇ ਲਿਆ ਹੈ। ਟਰੰਪ ਦੇ ਇਸ ਦਾਅਵੇ ਤੋਂ ਬਾਅਦ ਭਾਰਤ ’ਚ ਵਿਵਾਦ ਪੈਦਾ ਹੋ ਗਿਆ ਹੈ। ਆਪਣੇ ਭਾਸ਼ਣ ’ਚ ਟਰੰਪ ਨੇ ਭਾਰਤ ’ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ। ਆਖਿਰ ਕਿਉਂ?..। ਅਸੀਂ ਸਿਰਫ਼ ਪੁਰਾਣੇ ਪੇਪਰ ਬੈਲੇਟ ਵੱਲ ਕਿਉਂ ਨਹੀਂ ਜਾਂਦੇ ਅਤੇ ਉਨ੍ਹਾਂ ਨੂੰ ਆਪਣੀਆਂ ਚੋਣਾਂ ’ਚ ਸਾਡੀ ਮਦਦ ਕਰਨ ਦਿੰਦੇ ਹਾਂ, ਠੀਕ ਹੈ ਨਾ? ਵੋਟਰ ਪਛਾਣ ਪੱਤਰ, ਕੀ ਇਹ ਚੰਗਾ ਨਹੀਂ ਹੋਵੇਗਾ? ਅਸੀਂ ਭਾਰਤ ਨੂੰ ਚੋਣਾਂ ਲਈ ਪੈਸਾ ਕਿਉਂ ਦੇ ਰਹੇ ਹਾਂ। ਉਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਹੈ।’ ਉਨ੍ਹਾਂ ਕਿਹਾ, ‘ਉਹ ਸਾਡਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਦੇਸ਼ਾਂ ’ਚੋਂ ਇੱਕ ਹਨ… ਉਹ 200 ਫੀਸਦ (ਟੈਕਸ) ਲਾਉਂਦੇ ਹਨ ਅਤੇ ਅਸੀਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੋਣਾਂ ’ਚ ਮਦਦ ਲਈ ਬਹੁਤ ਸਾਰਾ ਪੈਸਾ ਦੇ ਰਹੇ ਹਾਂ।’ ਟਰੰਪ ਨੇ ਬੰਗਲਾਦੇਸ਼ ਨੂੰ 2.9 ਕਰੋੜ ਡਾਲਰ ਦੇਣ ਲਈ ਵੀ ਯੂਐੱਸਏਡ ਦੀ ਆਲੋਚਨਾ ਕੀਤੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘2.9 ਕਰੋੜ ਅਮਰੀਕੀ ਡਾਲਰ ਦੀ ਵਰਤੋਂ ਸਿਆਸੀ ਸਥਿਤੀ ਮਜ਼ਬੂਤ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੀਤੀ ਗਈ ਹੈ ਤਾਂ ਜੋ ਲੋਕ ਬੰਗਲਾਦੇਸ਼ ’ਚ ਕੱਟੜ ਖੱਬੇ-ਪੱਖੀ ਕਮਿਊਨਿਸਟਾਂ ਲਈ ਵੋਟ ਕਰ ਸਕਣ।’

Share: