ਪੁਲੀਸ ਤੋਂ ਗੈਸ ਫੈਕਟਰੀ ਖ਼ਿਲਾਫ਼ ਮਾਰਚ ਨਾ ਰੁਕਿਆ

ਪੁਲੀਸ ਤੋਂ ਗੈਸ ਫੈਕਟਰੀ ਖ਼ਿਲਾਫ਼ ਮਾਰਚ ਨਾ ਰੁਕਿਆ

ਜਗਰਾਉਂ : ਨੇੜਲੇ ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਵਿਰੋਧੀ ਰੈਲੀ ਤੇ ਰੋਸ ਮਾਰਚ ਦੌਰਾਨ ਅੱਜ ਵੱਡੀ ਗਿਣਤੀ ਪਿੰਡ ਵਾਸੀ, ਕਿਸਾਨ ਤੇ ਜਨਤਕ ਜਥੇਬੰਦੀਆਂ ਦੇ ਕਾਰਕੁਨ ਪੁਲੀਸ ਰੋਕਾਂ ਤੋੜਦੇ ਹੋਏ ਅੱਗੇ ਵਧਣ ਵਿੱਚ ਕਾਮਯਾਬ ਰਹੇ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਪੂਰਾ ਯਤਨ ਕੀਤਾ ਸੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਡ ਤੋਂ ਇਲਾਵਾ ਮੁੱਖ ਸੜਕ ’ਤੇ ਟਿੱਪਰ ਤੇ ਟੈਂਕਰ ਖੜ੍ਹੇ ਕਰ ਕੇ ਰਸਤੇ ਬੰਦ ਕੀਤੇ ਹੋਏ ਸਨ।

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਪ੍ਰਸ਼ਾਸਨ ਵੱਲੋਂ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਜਬਰੀ ਖਦੇੜਿਆ ਗਿਆ ਅਤੇ ਬੀਬੀਆਂ ’ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਨਾ ਤਾਂ ਹਾਲੇ ਤੱਕ ਮੋਰਚੇ ਦਾ ਸਾਮਾਨ ਮੋੜਿਆ, ਨਾ ਹੀ ਲਾਠੀਚਾਰਜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ।

ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ ਮੁੱਖ ਮਾਰਗ ਜਾਮ ਕਰਨ ਦੀ ਚਿਤਾਵਨੀ ਦੇਣ ਮਗਰੋਂ ਪੁਲੀਸ ਨੇ ਮੋਰਚੇ ਦੌਰਾਨ ਪੁੱਟਿਆ ਸਾਮਾਨ ਮੋੜ ਦਿੱਤਾ। ਅਣਮਿਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ ’ਤੇ ਪੁਲੀਸ ਅਧਿਕਾਰੀਆਂ ਨੇ ਬੀਬੀਆਂ ’ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆ ਖ਼ਿਲਾਫ਼ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਅੱਜ ਦਾ ਰੋਸ ਮਾਰਚ ਖ਼ਤਮ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਗੁਰਦੁਆਰੇ ਵਿੱਚ ਇਕੱਤਰ ਹੋਣ ਮਗਰੋਂ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਔਰਤਾਂ ਵੱਡੀ ਗਿਣਤੀ ’ਚ ਸ਼ਾਮਲ ਸਨ, ਨੇ ਅੱਗੇ ਵਧਣਾ ਸ਼ੁਰੂ ਕੀਤਾ। ਇਸ ਦੌਰਾਨ ਭਾਰੀ ਗਿਣਤੀ ਵਿੱਚ ਤਾਇਨਾਤ ਪੁਲੀਸ ਨੇ ਰੋਸ ਮਾਰਚ ਨੂੰ ਰੋਕਣ ਦਾ ਯਤਨ ਕੀਤਾ ਪਰ ਪ੍ਰਦਰਸ਼ਨਕਾਰੀ ਰੋਕਾਂ ਹਟਾ ਕੇ ਅੱਗੇ ਵਧਣ ਵਿੱਚ ਸਫਲ ਰਹੇ। ਪੁਲੀਸ ਫੋਰਸ ਦੀ ਅਗਵਾਈ ਡੀਐੱਸਪੀ ਜਸਜਯੋਤ ਸਿੰਘ ਕਰ ਰਹੇ ਸਨ। ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਡਾ. ਸੁਖਦੇਵ ਭੂੰਦੜੀ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਦੋ-ਤਿੰਨ ਵਾਰ ਝੜਪ ਵੀ ਹੋਈ। ਡਾ. ਭੂੰਦੜੀ ਤੇ ਹੋਰ ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨ ਦਾ ਜਮਹੂਰੀ ਹੱਕ ਨਾ ਕੋਈ ਸਰਕਾਰ ਖੋਹ ਸਕਦੀ ਹੈ, ਨਾ ਹੀ ਪੁਲੀਸ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਜਿੰਨਾ ਦਬਾਉਣ ਦਾ ਯਤਨ ਕੀਤਾ ਜਾਵੇਗਾ ਰੋਹ ਓਨਾ ਹੋਰ ਤਿੱਖਾ ਹੋਵੇਗਾ। ਪ੍ਰਦਰਸ਼ਨਕਾਰੀਆਂ ਨੇ ਵੀ ਕਾਫ਼ੀ ਸਮਾਂ ਧਰਨਾ ਲਾ ਕੇ ਰੱਖਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਗੈਸ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ।

ਬੀਕੇਯੂ (ਉਗਰਾਹਾਂ) ਦੇ ਅਮਰੀਕ ਸਿੰਘ ਰਾਮਾ, ਬਲਰਾਜ ਸਿੰਘ ਕੋਟਉਮਰਾ, ਬੀਬੀ ਅਮਰਜੀਤ ਕੌਰ, ਦਰਸ਼ਨ ਸਿੰਘ ਬੀਰਮੀ, ਇੰਦਰਜੀਤ ਧਾਲੀਵਾਲ, ਅਵਤਾਰ ਸਿੰਘ ਰਸੂਲਪੁਰ, ਮਨਜਿੰਦਰ ਸਿੰਘ ਖੇੜੀ, ਜਸਵੀਰ ਸਿੰਘ ਸੀਰਾ, ਤੇਜਿੰਦਰ ਸਿੰਘ ਤੇਜਾ, ਹਰਪ੍ਰੀਤ ਹੈਪੀ ਨੇ ਕਿਹਾ ਕਿ ਲੋਕ 11 ਮਹੀਨਿਆਂ ਤੋਂ ਗੈਸ ਫੈਕਟਰੀ ਵਿਰੁੱਧ ਡਟੇ ਹੋਏ ਹਨ।

Share: