ਪਣਜੀ : ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਖ਼ਿਲਾਫ਼ ਕਥਿਤ ਤੌਰ ’ਤੇ ਧਮਕੀ ਭਰੇ ਬਿਆਨ ਦੇਣ ਦੇ ਦੋਸ਼ ਵਿਚ ਇੱਕ ਸਮਾਜਿਕ ਕਾਰਕੁਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਣਜੀ ਪੁਲੀਸ ਨੇ ਬੁੱਧਵਾਰ ਨੂੰ ਆਜ਼ਾਦ ਮੈਦਾਨ ’ਚ ਪੱਤਰਕਾਰ ਸੰਮੇਲਨ ਦੌਰਾਨ ਸਮਾਜਿਕ ਕਾਰਕੁਨ ਰਮਾ ਕਨਕੋਨਕਰ ’ਤੇ ਉਸ ਦੀ ‘ਨਫ਼ਰਤ ਭਰੀ’ ਅਤੇ ‘ਅਪਮਾਨਜਨਕ’ ਟਿੱਪਣੀ ਲਈ ਮਾਮਲਾ ਦਰਜ ਕੀਤਾ ਹੈ।
ਐਫਆਈਆਰ ਦੇ ਅਨੁਸਾਰ ਮੁਲਜ਼ਮਾਂ ਨੇ ਮੁੱਖ ਮੰਤਰੀ ਨੂੰ ਜ਼ਿੰਦਾ ਦਫ਼ਨਾਉਣ ਦੀ ਧਮਕੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਬਿਆਨ ਨਾਲ ਆਮ ਲੋਕਾਂ ਵਿਚ ਦੁਸ਼ਮਣੀ ਪੈਦਾ ਹੋ ਸਕਦੀ ਹੈ ਜਾਂ ਉਨ੍ਹਾਂ ਨੂੰ ਮੁੱਖ ਮੰਤਰੀ ਵਿਰੁੱਧ ਭੜਕਾਇਆ ਜਾ ਸਕਦਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਕਨਕੋਨਕਰ ’ਤੇ ਕਥਿਤ ਅਪਰਾਧਿਕ ਧਮਕਾਉਣ ਅਤੇ ਜਨਤਕ ਸ਼ਰਾਰਤ ਲਈ ਕੇਸ ਦਰਜ ਕੀਤਾ ਗਿਆ ਹੈ, ਦੋਸ਼ੀ ਨੂੰ ਪੁਲੀਸ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।