ਰੂਸ ’ਚ ਲਾਪਤਾ ਨੌਜਵਾਨ ਦੀ ਮਾਂ ਦਾ ਨਹੀਂ ਹੋਇਆ ਡੀਐੱਨਏ ਟੈਸਟ

ਰੂਸ ’ਚ ਲਾਪਤਾ ਨੌਜਵਾਨ ਦੀ ਮਾਂ ਦਾ ਨਹੀਂ ਹੋਇਆ ਡੀਐੱਨਏ ਟੈਸਟ

ਮਾਲੇਰਕੋਟਲਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਅਧਿਕਾਰੀਆਂ ਨੂੰ ਰੂਸ ਵਿੱਚ ਲਾਪਤਾ ਜ਼ਿਲ੍ਹੇ ਦੇ ਪਿੰਡ ਕਲਿਆਣ ਦੇ ਨੌਜਵਾਨ ਬੁੱਧ ਰਾਮ ਦੀ ਮਾਂ ਦਾ ਡੀਐੱਨਏ ਟੈਸਟ ਕਰਵਾਉਣ ਲਈ ਹੁਕਮ ਦੇਣ ਦੇ ਪੰਦਰਾਂ ਦਿਨ ਬਾਅਦ ਵੀ ਪੀੜਤ ਪਰਿਵਾਰ ਨਮੂਨਾ ਲੈਣ ਅਤੇ ਆਪਣੇ ਪੁੱਤਰ ਦੀ ਕੋਈ ਖ਼ਬਰ ਸੁਣਨ ਲਈ ਤਰਸ ਰਿਹਾ ਹੈ। ਨੌਜਵਾਨ ਬੁੱਧ ਰਾਮ ਲਗਪਗ ਦਸ ਮਹੀਨੇ ਪਹਿਲਾਂ ਰੂਸੀ ਫ਼ੌਜ ’ਚ ਭਰਤੀ ਹੋਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਮਾਲੇਰਕੋਟਲਾ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਲਾਪਤਾ ਨੌਜਵਾਨ ਦੀ ਮਾਂ ਦਾ ਡੀਐੱਨਏ ਟੈਸਟ ਕਰਵਾਉਣ ਲਈ ਨਮੂਨਾ ਲੈ ਕੇ ਟੈਸਟ ਦੀ ਰਿਪੋਰਟ ਜਮ੍ਹਾਂ ਕਰਵਾਉਣ।

ਐੱਸਐੱਮਓ ਡਾ. ਜਗਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪ੍ਰਕਿਰਿਆ ਪੁਲੀਸ ਵੱਲੋਂ ਸ਼ੁਰੂ ਕੀਤੀ ਜਾਣੀ ਹੈ। ਪ੍ਰਸ਼ਾਸਨ ਵੱਲੋਂ ਬੁੱਧ ਰਾਮ ਦੀ ਮਾਂ ਨੂੰ ਖਰੜ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਲਿਜਾਣ ਲਈ ਕੁਝ ਦਿਨ ਹੋਰ ਉਡੀਕ ਕਰਨ ਲਈ ਕਿਹਾ ਗਿਆ ਹੈ। ਬੁੱਧ ਰਾਮ ਦੇ ਪਿਤਾ ਗੁਰਮੇਲ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਨੇ ਸਾਰ ਤੱਕ ਨਹੀਂ ਲਈ। ਗੁਰਮੇਲ ਸਿੰਘ ਨੇ ਕਿਹਾ ਕਿ ਹੁਣ ਪਰਿਵਾਰ ਨੂੰ ਖਰੜ ਲਿਜਾਣ ਲਈ ਹੋਰ ਉਡੀਕ ਕਰਨ ਲਈ ਕਿਹਾ ਗਿਆ ਹੈ। ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਨੂੰ ਡੀਐੱਨਏ ਰਿਪੋਰਟ ਜਮ੍ਹਾਂ ਕਰਵਾਉਣ ਦੀ ਵਜ੍ਹਾ ਬਾਰੇ ਵੀ ਨਹੀਂ ਦੱਸਿਆ ਗਿਆ। ਸਹਾਇਕ ਕਮਿਸ਼ਨਰ ਮਾਲੇਰਕੋਟਲਾ ਗੁਰਮੀਤ ਬਾਂਸਲ ਨੇ ਦਾਅਵਾ ਕੀਤਾ ਕਿ ਸਿਵਲ ਸਰਜਨ ਮਾਲੇਰਕੋਟਲਾ ਨੂੰ 31 ਜਨਵਰੀ ਨੂੰ ਪੀੜਤ ਪਰਿਵਾਰ ਤੋਂ ਬਿਨਾਂ ਕਿਸੇ ਖ਼ਰਚੇ ਦੇ ਬੁੱਧ ਰਾਮ ਦੀ ਮਾਂ ਦਾ ਡੀਐੱਨਏ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ।

Share: