ਚੰਡੀਗੜ੍ਹ : ਫਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਲਈ ਕੇਂਦਰ ਤੇ ਕਿਸਾਨਾਂ ਵਿਚਕਾਰ ਅੱਜ ਇਥੇ ਸੈਕਟਰ 26 ਸਥਿਤ ਮਗਸੀਪਾ ਵਿੱਚ ਸੁਖਾਵੇਂ ਮਾਹੌਲ ’ਚ ਮੀਟਿੰਗ ਹੋਈ। ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਇੱਥੇ ਮੀਟਿੰਗ ਨਾਲ ਵਾਰਤਾ ਮੁੜ ਲੀਹ ’ਤੇ ਪੈ ਗਈ ਹੈ। ਹਾਲਾਂਕਿ ਅੱਜ ਦੀ ਮੀਟਿੰਗ ’ਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦੀ ਗ਼ੈਰਹਾਜ਼ਰੀ ਕਰਕੇ ਕੋਈ ਗੱਲ ਸਿਰੇ ਨਹੀਂ ਲੱਗ ਸਕੀ, ਜਿਸ ਕਰਕੇ ਕੇਂਦਰ ਵੱਲੋਂ ਅਗਲੀ ਮੀਟਿੰਗ 22 ਫਰਵਰੀ ਨੂੰ ਕੀਤੀ ਜਾਵੇਗੀ ਤੇ ਇਹ ਮੀਟਿੰਗ ਵੀ ਚੰਡੀਗੜ੍ਹ ’ਚ ਹੋਣ ਦੀ ਸੰਭਾਵਨਾ ਹੈ।
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਆਪਣੇ ਪੁੱਤਰ ਦੇ ਵਿਆਹ ਸਮਾਗਮ ਕਰਕੇ ਮੀਟਿੰਗ ’ਚ ਪੁੱਜ ਨਹੀਂ ਸਕੇ। ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਅਗਵਾਈ ਹੇਠ ਕੇਂਦਰੀ ਟੀਮ ਨੇ ਕਿਸਾਨਾਂ ਦੇ 28 ਮੈਂਬਰੀ ਵਫ਼ਦ ਨਾਲ ਇੱਥੇ ਮਗਸੀਪਾ (ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨੀਸਟਰੇਸ਼ਨ) ਵਿੱਚ ਕਰੀਬ ਪੌਣੇ ਤਿੰਨ ਘੰਟੇ ਕਿਸਾਨ-ਮਜ਼ਦੂਰ ਮੰਗਾਂ ’ਤੇ ਵਿਚਾਰ ਚਰਚਾ ਕੀਤੀ। ਪਿਛਲੇ ਵਰ੍ਹੇ ਹੋਈਆਂ ਚਾਰ ਮੀਟਿੰਗਾਂ ’ਚ ਕਿਸਾਨੀ ਮੰਗਾਂ ਬਾਰੇ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਸੀ ਪਰ ਕਰੀਬ ਸਾਲ ਮਗਰੋਂ ਕੇਂਦਰ ਵੱਲੋਂ ਮੁੜ ਗੱਲਬਾਤ ਸ਼ੁਰੂ ਹੋਣ ਨਾਲ ਕੇਂਦਰ ਤੇ ਕਿਸਾਨਾਂ ਵਿਚਕਾਰ ਸੰਵਾਦ ਲਈ ਜ਼ਮੀਨ ਤਿਆਰ ਹੋ ਗਈ ਹੈ। ਮੀਟਿੰਗ ’ਚ ਦੋਵਾਂ ਧਿਰਾਂ ਨੇ ਇੱਕ ਦੂਸਰੇ ਪ੍ਰਤੀ ਚੰਗਾ ਰਵੱਈਆ ਦਿਖਾਇਆ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੀ ਮੀਟਿੰਗ ਦੇ ਮਾਹੌਲ ਨੂੰ ਸ਼ੁਭ ਸੰਕੇਤ ਦੱਸਿਆ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਰੀਬ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ 18 ਜਨਵਰੀ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੌਰਾਨ ਹੀ ਅੱਜ ਚਾਰ ਘੰਟਿਆਂ ਦਾ ਸਫ਼ਰ ਤੈਅ ਕਰਕੇ ਮੀਟਿੰਗ ’ਚ ਸ਼ਾਮਲ ਹੋਣ ਲਈ ਪੁੱਜੇ, ਜਿਨ੍ਹਾਂ ਨੇ ਕਿਸਾਨੀ ਮਸਲਿਆਂ ਨੂੰ ਰੱਖਿਆ। ਕੇਂਦਰੀ ਮੰਤਰੀ ਜੋਸ਼ੀ ਨੇ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਲਈ ਚੁੱਕੇ ਗਏ ਕਦਮਾਂ ਦੀ ਚਰਚਾ ਕੀਤੀ। ਮੀਟਿੰਗ ’ਚ ਕਿਸਾਨ ਮਜ਼ਦੂਰ ਮੋਰਚਾ ਦੇ ਸਰਵਣ ਸਿੰਘ ਪੰਧੇਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਕੇਂਦਰੀ ਖੇਤੀ ਮਹਿਕਮੇ ਦੇ ਸਕੱਤਰ ਦਿਵੇਸ਼ ਚਤੁਰਵੇਦੀ, ਮੁੱਖ ਸਕੱਤਰ ਕੇਏਪੀ ਸਿਨਹਾ, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ, ਸਾਬਕਾ ਪੁਲੀਸ ਅਧਿਕਾਰੀ ਨਰਿੰਦਰ ਭਾਰਗਵ ਤੇ ਜਸਕਰਨ ਸਿੰਘ ਹਾਜ਼ਰ ਸਨ। ਮਰਨ ਵਰਤ ’ਤੇ ਬੈਠੇ ਡੱਲੇਵਾਲ ਨੇ ਕੇਂਦਰ ਅੱਗੇ ਸ਼ਰਤ ਰੱਖੀ ਸੀ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਨਹੀਂ ਦਿੰਦੀ, ਉਨ੍ਹਾਂ ਸਮਾਂ ਉਹ ਇਲਾਜ ਨਹੀਂ ਕਰਵਾਉਣਗੇ। ਕਿਸਾਨਾਂ ਦੇ ਵਫ਼ਦ ਦੀਆਂ ਅੱਜ ਮੁੱਖ ਦਸ ਮੰਗਾਂ ਸਨ ਜਿਨ੍ਹਾਂ ਵਿੱਚ ਫ਼ਸਲਾਂ ਦੀ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨਾ, ਕਿਸਾਨ-ਮਜ਼ਦੂਰਾਂ ਲਈ ਪੈਨਸ਼ਨ ਸਕੀਮ, ਅਤੇ ਅੰਦੋਲਨ ’ਚ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣਾ ਆਦਿ ਸ਼ਾਮਲ ਹਨ। ਮੀਟਿੰਗ ’ਚ ਸ਼ੰਭੂ ਅਤੇ ਖਨੌਰੀ ਮੋਰਚਾ ਦੀ ਅਗਵਾਈ ਕਰਨ ਵਾਲੇ 14-14 ਕਿਸਾਨ ਆਗੂ ਸ਼ਾਮਲ ਹੋਏ, ਜਿਨ੍ਹਾਂ ’ਚ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਐੱਮ.ਐੱਸ. ਰਾਏ, ਬਲਵੰਤ ਸਿੰਘ, ਇੰਦਰਜੀਤ ਸਿੰਘ, ਨੰਦ ਕੁਮਾਰ, ਸੁਖਜੀਤ ਸਿੰਘ, ਅਰੁਣ ਸਿਨਹਾ, ਜਸਵਿੰਦਰ ਸਿੰਘ ਲੌਂਗੋਵਾਲ, ਸੁਖਵਿੰਦਰ ਕੌਰ ਆਦਿ ਸ਼ਾਮਲ ਸਨ।
ਸੰਵਾਦ ਜਾਰੀ ਰੱਖੇਗਾ ਕੇਂਦਰ: ਜੋਸ਼ੀ
ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਮਗਰੋਂ ਕਿਹਾ ਕਿ ਕਿਸਾਨ ਆਗੂਆਂ ਨਾਲ ਗੱਲਬਾਤ ਸੁਖਾਵੇਂ ਮਾਹੌਲ ਵਿੱਚ ਹੋਈ। ਉਨ੍ਹਾਂ ਨੇ ਕਿਸਾਨ ਆਗੂਆਂ ਅੱਗੇ ਮੋਦੀ ਸਰਕਾਰ ਵੱਲੋਂ ਫ਼ਸਲਾਂ ਦੀ ਖ਼ਰੀਦ ਅਤੇ ਭਾਅ ’ਚ ਕੀਤੇ ਵਾਧੇ ਬਾਰੇ ਤੱਥ ਰੱਖੇ ਹਨ। ਜੋਸ਼ੀ ਨੇ ਆਖਿਆ, ‘‘ਕੇਂਦਰ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੁੰਦਾ ਹੈ। ਅਗਲੀ ਮੀਟਿੰਗ ਵਿੱਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਾਮਲ ਹੋਣਗੇ।’’
ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ ਕਰਨ ਤੋਂ ਇਨਕਾਰ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰੀ ਟੀਮ ਦੀਆਂ ਅਪੀਲਾਂ ਦੇ ਬਾਵਜੂਦ ਮਰਨ ਵਰਤ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਹਰ ਕਿਸਾਨ ਦੀ ਜ਼ਿੰਦਗੀ ਕੀਮਤੀ ਹੈ ਅਤੇ ਉਹ ਚਾਹੁੰਦੇ ਹਨ ਕਿ ਡੱਲੇਵਾਲ ਮਰਨ ਵਰਤ ਖ਼ਤਮ ਕਰਨ। ਡੱਲੇਵਾਲ ਨੇ ਕਿਹਾ ਕਿ ਉਹ ਫ਼ਸਲੀ ਭਾਅ ਦੀ ਕਾਨੂੰਨੀ ਗਾਰੰਟੀ ਮਿਲਣ ਤੱਕ ਮਰਨ ਵਰਤ ਨਹੀਂ ਛੱਡਣਗੇ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦੀ ਪੋਤਰੀ ਦਾ ਅੱਜ ਸਸਕਾਰ ਸੀ ਪਰ ਉਨ੍ਹਾਂ ਲਈ ਕਿਸਾਨੀ ਮਸਲੇ ਅਹਿਮ ਹਨ, ਜਿਸ ਕਰਕੇ ਉਹ ਮੀਟਿੰਗ ’ਚ ਪੁੱਜੇ ਹਨ।
ਕੇਂਦਰ ਅਗਲੀ ਮੀਟਿੰਗ ਦਿੱਲੀ ਵਿੱਚ ਰੱਖੇ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਅਭਿਮੰਨਿਊ ਕੋਹਾੜ ਨੇ ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਕਿਸਾਨ ਆਗੂਆਂ ਨੇ ਕੇਂਦਰ ਅੱਗੇ ਤੱਥਾਂ ਸਣੇ ਮੰਗਾਂ ਪੇਸ਼ ਕੀਤੀਆਂ ਜਿਨ੍ਹਾਂ ਦਾ ਉਹ ਕੋਈ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਗਲੀ ਮੀਟਿੰਗ ਦਿੱਲੀ ਵਿੱਚ ਰੱਖੇ ਕਿਉਂਕਿ ਇਹ ਮੁੱਦਾ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਹੈ ਅਤੇ ਅਗਲੀ ਮੀਟਿੰਗ ’ਚ ਕੇਂਦਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਹੋਣ ਤੱਕ ਮੋਰਚਾ ਜਾਰੀ ਰਹੇਗਾ।