ਅੰਮ੍ਰਿਤਸਰ, 12 ਫਰਵਰੀ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਕਾਬੂ ਕਰ ਕੇ ਲਗਪਗ ਦੋ ਕਿਲੋ ਤੋਂ ਵੱਧ ਹੈਰੋਇਨ, ਡਰੱਗ ਮਨੀ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਕਿਰਤਪਾਲ ਸਿੰਘ ਉਰਫ਼ ਕਿਰਤ, ਕਰਨਬੀਰ ਸਿੰਘ ਉਰਫ਼ ਕਰਨ, ਸੁਖਦੀਪ ਸਿੰਘ ਉਰਫ਼ ਸੁਖ, ਪਿਆਰਾ ਸਿੰਘ ਅਤੇ ਪੰਕਜ ਉਰਫ਼ ਬਬਲੂ ਸਾਰੇ ਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਸਵਾ ਦੋ ਕਿਲੋ ਹੈਰੋਇਨ, 1.5 ਲੱਖ ਰੁਪਏ ਡਰੱਗ ਮਨੀ, ਇੱਕ ਆਧੁਨਿਕ ਪਿਸਤੌਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇੱਕ ਕਾਰ ਵੀ ਜ਼ਬਤ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਤੇ ਹੋਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਕਬੀਰ ਪਾਰਕ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਤਸਕਰ ਡਰੋਨ ਰਾਹੀਂ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚ ਨਸ਼ੀਲੇ ਪਦਾਰਥ ਭੇਜਦੇ ਸੀ ਜਿਸ ਨੂੰ ਪ੍ਰਾਪਤ ਕਰਕੇ ਇਹ ਅੱਗੇ ਸਪਲਾਈ ਕਰਦੇ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਇਸਲਾਮਾਬਾਦ ਵਿੱਚ ਕੇਸ ਦਰਜ ਕੀਤਾ ਹੈ।
ਇਸ ਦੌਰਾਨ ਬੀਐੱਸਐੱਫ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਅੰਮ੍ਰਿਤਸਰ ਨੇ ਸਾਂਝੇ ਅਪਰੇਸ਼ਨ ਦੌਰਾਨ ਦੇਰ ਰਾਤ ਸਰਹੱਦੀ ਖੇਤਰ ’ਚੋਂ ਦੋ ਨਸ਼ਾਂ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਦੇ ਖੁਫੀਆ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਸਰਹੱਦ ’ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਬੀਐੱਸਐੱਫ ਅਤੇ ਏਐੱਨਟੀਐੱਫ ਦੋਵਾਂ ਨੇ ਸਾਂਝਾ ਆਪਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਰਾਤ 10 ਵਜੇ ਤੋਂ ਬਾਅਦ ਸਾਂਝੀ ਟੀਮ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਛੋਟਾ ਫਤਿਹਵਾਲ ਵਿੱਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਕਰ ਕੇ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ। ਇਨ੍ਹਾਂ ਪੈਕੇਟਾਂ ’ਚ ਲਗਪਗ ਇਕ ਕਿਲੋ ਹੈਰੋਇਨ ਸੀ। ਉਨ੍ਹਾਂ ਦਾ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇਹ ਦੋਵੇਂ ਸ਼ੱਕੀ ਵਿਅਕਤੀ ਅਜਨਾਲਾ ਪੁਲੀਸ ਥਾਣੇ ਹੇਠ ਆਉਂਦੇ ਪਿੰਡ ਸਾਰੰਗ ਦੇਵ ਦੇ ਵਾਸੀ ਹਨ।