ਗਰਮੀ ਵਧਣ ਕਾਰਨ ਅੰਨਦਾਤਾ ਘਬਰਾਇਆ

ਗਰਮੀ ਵਧਣ ਕਾਰਨ ਅੰਨਦਾਤਾ ਘਬਰਾਇਆ

ਮਾਨਸਾ : ਪੰਜਾਬ ਦੇ ਮਾਲਵਾ ਖੇਤਰ ਵਿੱਚ ਅਚਾਨਕ ਪੈਣ ਲੱਗੀ ਗਰਮੀ ਤੋਂ ਅੰਨਦਾਤਾ ਘਬਰਾ ਗਿਆ ਹੈ। ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਇਸ ਗਰਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨਾਂ ਨੂੰ ਤੁਰੰਤ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿਚ ਖੁਸ਼ਕੀ ਅਤੇ ਹੁਣ ਇਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਟਾਕਰਾ ਕਰਨ ਦੀ ਜ਼ਰੂਰਤ ਹੈ ਅਤੇ ਫ਼ਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਸੁਸਤੀ ਨਹੀਂ ਵਰਤਣੀ ਚਾਹੀਦੀ।

ਖੇਤਾਂ ਵਿੱਚ ਜਾ ਕੇ ਪਤਾ ਲੱਗਿਆ ਕਿ ਹੁਣ ਹਾੜ੍ਹੀ ਦੀਆਂ ਫ਼ਲੀਦਾਰ ਫ਼ਸਲਾਂ ਵਿਚ ਦਾਣੇ ਬਣਨ ਲੱਗੇ ਹਨ, ਜਿਸ ਕਰਕੇ ਬੂਟਿਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ। ਕਣਕ ਸਮੇਤ ਸਰ੍ਹੋਂ, ਛੋਲਿਆਂ ਦੀ ਫ਼ਸਲ ਨੂੰ ਹੁਣ ਪਾਣੀ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਕਰਕੇ ਉਨ੍ਹਾਂ ਨੂੰ ਪਾਣੀ ਦੇਣ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕਰਨੀ ਚਾਹੀਦੀ। ਮਾਹਿਰਾਂ ਨੇ ਕਿਹਾ ਕਿ ਜਿਹੜੀਆਂ ਫ਼ਸਲਾਂ ਨੂੰ ਪਾਣੀ ਲੱਗਿਆਂ ਇੱਕ ਹਫ਼ਤਾ ਹੋ ਗਿਆ ਹੈ, ਉਨ੍ਹਾਂ ਨੂੰ ਹਾਲੇ ਠਹਿਰ ਕੇ ਪਾਣੀ ਦਿੱਤਾ ਜਾ ਸਕਦਾ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਤਾਪਮਾਨ ਵਿਚਲਾ ਵਾਧਾ ਕਣਕਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਨੂੰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 8-10 ਘੰਟਿਆਂ ਲਈ ਰੋਜ਼ਾਨਾ ਦੇਣੀ ਜ਼ਰੂਰੀ ਹੈ।

ਮਾਲਵਾ ਖੇਤਰ ਵਿੱਚ ਭਰਵਾਂ ਮੀਂਹ ਨਾ ਪੈਣ ਕਾਰਨ ਧਰਤੀ ਖੁਸ਼ਕ ਹੋਈ: ਵਿਗਿਆਨੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਨੇ ਦੱਸਿਆ ਕਿ ਆਉਣ ਵਾਲੇ ਪੂਰੇ ਹਫ਼ਤੇ ਪਾਰਾ 24 ਤੋਂ 25 ਡਿਗਰੀ ਸੈਂਟੀਗਰੇਡ ਰਹਿਣ ਦੀ ਉਮੀਦ ਹੈ ਅਤੇ ਦਿਨ ਵੇਲੇ ਧੁੱਪ ਤੇਜ਼ ਖਿੜੇਗੀ। ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਨਿਰੀਖਣ ਕਰਨ ਤੋਂ ਪਿੱਛੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਇਸ ਵਾਰ ਮਾਲਵਾ ਖੇਤਰ ਵਿਚ ਭਰਵਾਂ ਮੀਂਹ ਨਾ ਪੈਣ ਕਰ ਕੇ ਧਰਤੀ ਖੁਸ਼ਕ ਹੋਈ ਪਈ ਹੈ, ਜਿਸ ਨਾਲ ਫ਼ਸਲਾਂ ਆਮ ਦੇ ਮੁਕਾਬਲੇ ਜਲਦੀ ਪਾਣੀ ਮੰਗਣ ਲੱਗ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ ਦੇ ਅੰਤ ਵਿੱਚ ਆਮ ਦਿਨਾਂ ਨਾਲੋਂ ਜ਼ਿਆਦਾ ਠੰਢ ਚੱਲ ਰਹੀ ਸੀ ਪਰ ਹੁਣ ਲਗਾਤਾਰ ਗਰਮੀ ਵੱਧ ਰਹੀ ਹੈ, ਉਸ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਜ਼ਿਆਦਾ ਦੇਣਾ ਪਵੇਗਾ।

Share: