ਪੰਜਾਬ ਵਿੱਚ ਅਪਰਾਧੀਆਂ ਦੇ ਹੌਂਸਲੇ ਬੇਹੱਦ ਵਧ ਚੁੱਕੇ ਹਨ ਉਨ੍ਹਾਂ ਨੂੰ ਪੁਲਿਸ ਦਾ ਕੋਈ ਖੌਫ ਹੀ ਨਹੀਂ ਲਗਦਾ, ਇਸ ਦੀ ਤਾਜਾ ਮਿਸਾਲ ਇੱਥੋਂ ਮਿਲਦੀ ਹੈ ਕਿ ਲੁਧਿਆਣਾ-ਦਿੱਲੀ ਰੂਟੀਨ ਮੁਤਾਬਕ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਉੱਤੇ ਸਾਹਨੇਵਾਲ ਕੋਲ ਕੁਝ ਬਦਮਾਸ਼ਾਂ ਨੇ ਕਾਰਾਂ ਅੱਗੇ ਲਗਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਟਾਫ ਦੀ ਕੁੱਟਮਾਰ ਕੀਤੀ। ਇਥੇ ਹੀ ਬਸ ਨਹੀਂ ਬਦਮਾਸ਼ਾਂ ਨੇ ਬੱਸ ‘ਤੇ ਅੰਨ੍ਹੇਵਾਹ ਇੱਟਾਂ ਰੋੜੇ ਵੀ ਚਲਾ ਦਿੱਤੇ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਇਸ ਵਾਰਦਾਤ ਵਿੱਚ ਬੱਸ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਾਹਨੇਵਾਲ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜੋ ਕਿ ਜੇਰੇ ਇਲਾਜ ਹੈ। ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਖਾਸ ਕਰਕੇ ਬੱਸ ਡਰਾਈਵਰਾਂ ਵਿੱਚ ਪ੍ਰਸ਼ਾਸਨ ਖਿਲਾਫ਼ ਰੋਹ ਪਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਤੋਂ ਬਾਅਦ ਰੋਸ ਵਜੋਂ ਬੱਸ ਡਰਾਈਵਰਾਂ ਨੇ ਹਾਈਵੇਅ ’ਤੇ ਜਾਮ ਲਗਾ ਦਿੱਤਾ ਜਿਸ ਤੋਂ ਬਾਅਦ ਮੌਕੇ ਉੱਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨੇ ਤੁਰੰਤ ਸਖ਼ਤ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 7 ਫਰਵਰੀ ਨੂੰ ਜਥੇਬੰਦੀ ਵੱਲੋਂ ਫਿਰ ਸਾਹਨੇਵਾਲ ਥਾਣੇ ਦੇ ਸਾਹਮਣੇ ਹਾਈਵੇਅ ’ਤੇ ਧਰਨਾ ਲਗਾਇਆ ਜਾਵੇਗਾ।