ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ਵਿਚੋਂ ਬਾਹਰ ਕੱਢਣ ਦੇ ਫੈਸਲੇ ਤਹਿਤ 30 ਪੰਜਾਬੀਆਂ ਸਮੇਤ ਭਾਰਤ ਦੇ 104 ਪਰਵਾਸੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਨੂੰ ਅਮਰੀਕਾ ਦਾ ਫੌਜੀ ਜਹਾਜ਼ ਸੀ-17 ਇੱਥੇ ਛੱਡ ਕੇ ਵਾਪਸ ਪਰਤ ਗਿਆ। ਸੂਤਰਾਂ ਮੁਤਾਬਕ ਅਗਲੇ ਦਿਨਾਂ ਵਿਚ ਵੱਡੀ ਗਿਣਤੀ ਭਾਰਤੀ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ, ਵਾਪਸ ਭੇਜੇ ਜਾ ਸਕਦੇ ਹਨ।
ਉਧਰ, ਅਮਰੀਕਾ ਦੇ ਨਾਲ-ਨਾਲ ਕੈਨੇਡਾ ਨੇ ਵੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਨੇ ਅਮਰੀਕਾ ਨਾਲ ਲੱਗਦੀ ਸਰਹੱਦ ਤੋਂ ਤਿੰਨ ਵੱਖ ਵੱਖ ਘਟਨਾਵਾਂ ਵਿੱਚ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੌਰਾਨ ਇਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਿਆਂ ਮਾਰਿਆ ਗਿਆ। ਇਹ ਸਾਰੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਦਾਖ਼ਲ ਹੋਣ ਦੀ ਫਿਰਾਕ ਵਿਚ ਸਨ।
ਪੁਲਿਸ ਨੇ ਅਜੇ ਤੱਕ ਇਨ੍ਹਾਂ ਵਿਚੋਂ ਕਿਸੇ ਦੀ ਵੀ ਪਛਾਣ ਨਹੀਂ ਦੱਸੀ। ਰੌਇਲ ਕੈਨੇਡਿਆਈ ਮਾਊਂਟਿਡ ਪੁਲਿਸ ਦੇ ਸਹਾਇਕ ਕਮਿਸ਼ਨਰ ਲੀਜਾ ਮੋਰਲੈਂਡ ਨੇ ਦੱਸਿਆ ਕਿ ਦੋ ਘਟਨਾਵਾਂ ਅਲਬਰਟਾ ਅਤੇ ਇੱਕ ਮੈਨੀਟੋਬਾ ਸੂਬੇ ਦੀ ਅਮਰੀਕਾ ਨਾਲ ਲੱਗਦੀ ਸਰਹੱਦ ਉਤੇ ਵਾਪਰੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ 4 ਫਰਵਰੀ ਨੂੰ ਅਲਬਰਟਾ ਦੇ ਕੌਟਸ ਲਾਂਘੇ ਉਤੇ ਅਮਰੀਕਾ ਵਲੋਂ ਆਏ ਇਕ ਵਾਹਨ ਚਾਲਕ ਨੇ ਦਸਤਾਵੇਜ਼ਾਂ ਦੀ ਜਾਂਚ ਕਰਾਉਣ ਦੀ ਥਾਂ ਨਾਕਾ ਤੋੜਿਆ ਤੇ ਗੱਡੀ ਭਜਾ ਲਈ। ਸੀਬੀਐਸਏ (ਸਰਹੱਦੀ ਸੁਰੱਖਿਆ ਦਲ) ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ’ਤੇ 80 ਕਿਲੋਮੀਟਰ ਦੂਰ ਰੇਮੰਡ ਕੋਲ ਵਾਹਨ ਨੂੰ ਘੇਰਿਆ ਤਾਂ ਵਾਹਨ ਚਾਲਕ ਗੱਡੀ ਛੱਡ ਕੇ ਪੈਦਲ ਭੱਜ ਪਿਆ। ਕਾਫੀ ਦੂਰ ਤੱਕ ਭੱਜਦੇ ਹੋਏ ਉਸ ਨੇ ਆਪਣੇ ਕੋਲ ਰੱਖੇ ਮਾਰੂ ਹਥਿਆਰ ਨਾਲ ਖ਼ੁਦ ਨੂੰ ਜ਼ਖ਼ਮੀ ਕਰ ਲਿਆ ਤੇ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ।
ਇਕ ਹੋਰ ਘਟਨਾ ਵਿੱਚ 3 ਫਰਵਰੀ ਨੂੰ ਤੜਕੇ ਕੜਾਕੇ ਦੀ ਠੰਡ ਵਿੱਚ ਪੰਜ ਨਾਬਾਲਗਾਂ ਸਮੇਤ 9 ਜਣੇ ਹਨੇਰੇ ਦੀ ਆੜ ਹੇਠ ਪੈਦਲ ਸਰਹੱਦ ਲੰਘ ਕੇ ਅਮਰੀਕਾ ਤੋਂ ਕੈਨੇਡਾ ਵੜਨ ਦਾ ਯਤਨ ਕਰ ਰਹੇ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੀਜੀ ਘਟਨਾ ਮੈਨੀਟੋਬਾ ਸੂਬੇ ਵਿੱਚ ਦੇ ਸਰਹੱਦੀ ਪਿੰਡ ਐਮਰਸਨ ਕੋਲ ਵਾਪਰੀ ਜਿੱਥੇ ਅਮਰੀਕਨ ਕਸਟਮ ਤੇ ਬਾਰਡਰ ਸੁਰੱਖਿਆ ਅਮਲੇ (ਸੀਬੀਪੀ) ਵੱਲੋਂ ਖਬਰਦਾਰ ਕੀਤੇ ਜਾਣ ’ਤੇ 6 ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਮਰਸਨ ਉਹੀ ਸਥਾਨ ਹੈ, ਜਿੱਥੇ ਦੋ ਸਾਲ ਪਹਿਲਾਂ ਗੁਜਰਾਤੀ ਮੂਲ ਦੇ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਲੋਕ ਬਰਫੀਲੇ ਤੂਫਾਨ ਦੀ ਜੱਦ ਵਿਚ ਆਉਣ ਕਰਕੇ ਮਾਰੇ ਗਏ ਸਨ।
ਇਧਰ, ਮੈਕਸਿਕੋ ਦੇ ‘ਨੈਸ਼ਨਲ ਗਾਰਡ’ ਦੇ ਜਵਾਨ ਅਤੇ ਫੌਜ ਦੇ ਕਈ ਟਰੱਕ ਬੀਤੇ ਦਿਨ ਸਿਊਦਾਦ ਜੁਆਰੇਜ਼ ਅਤੇ ਟੈਕਸਾਸ ਦੇ ਐੱਲ ਪਾਸੋ ਨੂੰ ਵੱਖ ਕਰਨ ਵਾਲੀ ਸਰਹੱਦ ’ਤੇ ਦੇਖੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਲਗਾਏ ਜਾਣ ਦੀਆਂ ਧਮਕੀਆਂ ਤੋਂ ਬਾਅਦ ਮੈਕਸਿਕੋ ਨੇ ਆਪਣੀ ਉੱਤਰੀ ਸਰਹੱਦ ’ਤੇ 10,000 ਸੈਨਿਕ ਭੇਜੇ ਹਨ।
ਸਿਊਦਾਦ ਜੁਆਰੇਜ਼ ਦੇ ਬਾਹਰਲੇ ਇਲਾਕੇ ਵਿੱਚ ਨਕਾਬਪੋਸ਼ ਅਤੇ ਹਥਿਆਰਬੰਦ ਨੈਸ਼ਨਲ ਗਾਰਡ ਦੇ ਮੈਂਬਰ ਬੈਰੀਅਰਾਂ ਦੇ ਨਾਲ ਝਾੜੀਆਂ ਵਿੱਚੋਂ ਲੰਘਦੇ ਹੋਏ ਦੇਖੇ ਗਏ। ਤਿਜੁਆਨਾ ਨੇੜੇ ਵੀ ਸੈਨਿਕਾਂ ਨੂੰ ਗਸ਼ਤ ਕਰਦੇ ਹੋਏ ਦੇਖਿਆ ਗਿਆ। ਭਾਰੀ ਟੈਕਸ ਲਗਾਉਣ ਦੇ ਟਰੰਪ ਦੇ ਐਲਾਨ ਤੋਂ ਬਾਅਦ ਇਹ ਘਟਨਾਕ੍ਰਮ ਹੋਇਆ ਹੈ।