‘ਸਿੱਖ’ ਦਾ ਅਰਥ ਹੈ, ਉਹ ਵਿਅਕਤੀ, ਜੋ ਸਿੱਖ ਹੋਣ ਦਾ ਦਾਅਵਾ ਕਰਦਾ ਹੈ ਜਾਂ ਉਹ ਮ੍ਰਿਤਕ ਵਿਅਕਤੀ, ਜਿਸ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਹੋਣ ਦਾ ਦਾਅਵਾ ਕੀਤਾ ਜਾਂ ਸਿੱਖ ਵਜੋਂ ਜਾਣਿਆ ਜਾਂਦਾ ਸੀ।
ਜੇਕਰ ਕੋਈ ਸਵਾਲ ਪੈਦਾ ਹੁੰਦਾ ਹੈ, ਕੀ ਕੋਈ ਜੀਵਤ ਵਿਅਕਤੀ ਸਿੱਖ ਹੈ ਜਾਂ ਨਹੀਂ? ਤਾਂ ਉਸਦੇ ਸਿੱਖ ਹੋਣ ਜਾਂ ਨਾ ਹੋਣ ਨੂੰ ਇਸ ਤਰ੍ਹਾਂ ਸਮਝਿਆ ਜਾਵੇਗਾ ਉਹ ਆਪਣੇ ਆਪ ਨੂੰ ਸਿੱਖ ਮੰਨਦਾ ਹੈ ਜਾਂ ਸਿੱਖ ਹੋਣ ਤੋਂ ਇਨਕਾਰ ਕਰਦਾ ਹੈ।
‘ਅੰਮ੍ਰਿਤਧਾਰੀ ਸਿੱਖ’ ਦਾ ਅਰਥ ਹੈ ਅਤੇ ਹਰ ਉਹ ਵਿਅਕਤੀ, ਜਿਸਨੇ ਖੰਡੇ ਦਾ ਅੰਮ੍ਰਿਤ ਜਾਂ ਖੰਡੇ ਦੀ ਪਾਹੁਲ, ਸਿੱੱਖ ਸਿਧਾਂਤਾਂ ਅਨੁਸਾਰ ‘ਪੰਜ ਪਿਆਰਿਆਂ’ ਹੱਥੋਂ ਲਈ ਹੈ।
‘ਪਤਿਤ’ ਦਾ ਅਰਥ ਹੈ, ਉਹ ਵਿਅਕਤੀ, ਜੋ ਕੇਸਾਧਾਰੀ ਸਿੱਖ ਹੋਣ ਦੇ ਨਾਤੇ ਆਪਣੀ ਦਾੜ੍ਹੀ ਕੱਟਦਾ ਜਾਂ ਮੁੰਨਵਾਉਂਦਾ ਹੈ ਜਾਂ ਅੰਮ੍ਰਿਤ ਛਕਣ ਤੋਂ ਬਾਅਦ ਚਾਰਾਂ ਵਿੱਚੋਂ ਕੋਈ ਇੱਕ ਜਾਂ ਵੱਧ ਕੁਰਹਿਤਾਂ ਕਰਦਾ ਹੈ।
‘ਸਹਿਜਧਾਰੀ ਸਿੱਖ’ ਦਾ ਅਰਥ ਹੈ, ਉਹ ਵਿਅਕਤੀ; ਜੋ ਸਿੱਖ ਰੀਤਾਂ ਅਨੁਸਾਰ ਰਸਮਾਂ ਨਿਭਾਉਂਦਾ ਹੈ। ਜੋ ਕਿਸੇ ਵੀ ਰੂਪ ਵਿੱਚ ਤੰਬਾਕੂ ਜਾਂ ਕੁੱਠਾ (ਹਲਾਲ ਮੀਟ) ਦੀ ਵਰਤੋਂ ਨਹੀਂ ਕਰਦਾ। ਜੋ ਪਤਿਤ ਨਹੀਂ ਹੈ। ਜੋ ਮੂਲ ਮੰਤਰ ਦਾ ਜਾਪ ਕਰ ਸਕਦਾ ਹੈ।
(Sikh Gurwara Act-1925)
ਗੁਰਦੁਆਰਾ ਐਕਟ ਵਿੱਚ ਦਰਜ ਵੱਖ-ਵੱਖ ਵੰਨਗੀਆਂ ਦੇ ਸਿੱਖਾਂ ਦੀਆਂ ਪ੍ਰੀਭਾਸ਼ਾਵਾਂ ਦਾ ਆਧਾਰ ਵੀ ਕੀ ਹੈ, ਇਸ ਬਾਰੇ ਬਿਲਕੁਲ ਸਪੱਸ਼ਟਤਾ ਨਹੀਂ ਹੈ।ਜਿਸ ਤਰ੍ਹਾਂ ਉਸ ਸਮੇਂ ਦੇ ਮੋਹਰੀ ਸਿੱਖ ਲੀਡਰਾਂ ਨੇ ਅੰਗਰੇਜ਼ਾਂ ਨੂੰ ਦੱਸ ਦਿੱਤਾ, ਉਨ੍ਹਾਂ ਉਸੇ ਤਰ੍ਹਾਂ ਕਈ ਤਰ੍ਹਾਂ ਦੇ ਸਿੱਖਾਂ ਦੀਆਂ ਪ੍ਰੀਭਾਸ਼ਾਵਾਂ ਦਰਜ ਕਰ ਦਿੱਤੀਆਂ।ਜੇ ਸਿੱਖੀ ਦਾ ਆਧਾਰ ‘ਗੁਰੂ ਮਾਨਿਓ ਗ੍ਰੰਥ’ ਹੈ ਤਾਂ ਸਿੱਖ ਅਤੇ ਸਿੱਖੀ ਦੀ ਪ੍ਰੀਭਾਸ਼ਾ ‘ਗੁਰੂ ਗ੍ਰੰਥ ਸਾਹਿਬ’ ਵਿੱਚੋਂ ਹੀ ਨਿਕਲਣੀ ਚਾਹੀਦੀ ਸੀ।ਲਗਦਾ ਇਸ ਤਰ੍ਹਾਂ ਹੈ ਕਿ ਜਿਵੇਂ ਅੱਜ ਸਿੱਖ ਹਰ ਮਸਲੇ ‘ਤੇ ਦੁਬਿਧਾ ਅਤੇ ਭੰਬਲ਼ਭੂਸੇ ਦਾ ਸ਼ਿਕਾਰ ਹਨ, 100 ਸਾਲ ਪਹਿਲਾਂ ਵੀ ਸਥਿਤੀ ਅਜਿਹੀ ਹੀ ਸੀ।ਸਿੱਖਾਂ ਨੇ ਗੁਰੂ ਗ੍ਰੰਥ ਮਾਨਿਓ ਗ੍ਰੰਥ ਇੱਕ ਨਾਹਰੇ ਦੇ ਤੌਰ ‘ਤੇ ਤਾਂ ਜਰੂਰ ਅਪਨਾ ਲਿਆ, ਪਰ ਉਸਦੀ ਸਪਿਰਟ ਨੂੰ ਪਿਛਲੇ 300 ਸਾਲ ਦੇ ਇਤਿਹਾਸ ਵਿੱਚ ਕਦੇ ਵੀ ਅਪਣਾ ਨਹੀਂ ਸਕੇ, ਸਗੋਂ ਦਿਨੋ-ਦਿਨ ਦੂਰ ਹੀ ਹੁੰਦੇ ਗਏ ਹਨ।ਇਸੇ ਕਰਕੇ 100 ਸਾਲ ਪਹਿਲਾਂ 5-7 ਤਰ੍ਹਾਂ ਦੇ ਸਿੱਖ, ਹੁਣ 20-25 ਤਰ੍ਹਾਂ ਦੇ ਸਿੱਖ ਬਣ ਚੁੱਕੇ ਹਨ।ਹਰ ਇੱਕ ਦਾ ਜ਼ੋਰ ਦੂਜੇ ਨੂੰ ‘ਤੂੰ ਸਿੱਖ ਨਹੀਂ ਹੈਂ’ ਸਾਬਿਤ ਕਰਨ ‘ਤੇ ਲੱਗਾ ਹੋਇਆ ਹੈ।
ਮੇਰੀ ਗੁਰਬਾਣੀ ਅਧਾਰਿਤ ਜਾਣਕਾਰੀ ਅਨੁਸਾਰ ਹਰ ਉਹ ਵਿਅਕਤੀ ਸਿੱਖ ਹੈ ਜਾਂ ਹੋ ਸਕਦਾ ਹੈ, ਜੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਜਾਂ ਕਹਾਉਣਾ ਚਾਹੁੰਦਾ ਹੈ। ਇਸੇ ਕਰਕੇ ਗੁਰੂ ਕਾਲ਼ ਜਾਂ ਬਾਅਦ ਵਿੱਚ ਵੀ 100 ਸਾਲ ਪਹਿਲਾਂ (ਸ਼੍ਰੋਮਣੀ ਕਮੇਟੀ ਬਣਨ) ਤੱਕ ਉਹ ਵਿਅਕਤੀ ਸਿੱਖ ਸੀ, ਜੋ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਸੀ। ਕਿਸੇ ਦੂਸਰੇ ਵਿਅਕਤੀ ਜਾਂ ਸੰਸਥਾ ਨੂੰ ਇਹ ਕਦੇ ਵੀ ਹੱਕ ਨਹੀਂ ਹੋ ਸਕਦਾ ਕਿ ਉਹ ਦੂਜੇ ਵਿਅਕਤੀ ਬਾਰੇ ਨਿਰਣਾ ਕਰੇ ਇਹ ਸਿੱਖ ਹੈ ਜਾਂ ਨਹੀਂ ਹੈ? ਤੁਸੀਂ ਸਿਰਫ ਆਪਣੇ ਬਾਰੇ ਹੀ ਫੈਸਲਾ ਲੈ ਸਕਦੇ ਹੋ ਕਿ ਤੁਸੀਂ ਸਿੱਖ ਹੋ ਜਾਂ ਨਹੀਂ? ਗੁਰੂ ਕਾਲ ਵਿੱਚ ਸੈਂਕੜੇ ਅਜਿਹੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਦੇ ਮੁਸਲਮਾਨ ਸਿੱਖ, ਗੁਰੂ ਦੇ ਹਿੰਦੂ ਸਿੱਖ, ਗੁਰੂ ਦੇ ਸੂਫ਼ੀ ਸਿੱਖ, ਗੁਰੂ ਦੇ ਸਿੰਧੀ ਸਿੱਖ ਆਦਿ। ਉਨ੍ਹਾਂ ਨੇ ਆਪਣਾ ਪੁਰਾਣਾ ਧਰਮ ਵੀ ਨਹੀਂ ਛੱਡਿਆ ਹੁੰਦਾ ਸੀ, ਤਾਂ ਵੀ ਉਹ ਸਿੱਖ ਕਹਾਉਂਦੇ ਸਨ।
ਪਰ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਗੁਰਦੁਆਰਿਆਂ ‘ਤੇ ਕਬਜ਼ਿਆਂ ਦੀ ਲਾਲਸਾ ਅਧੀਨ, ਸਿੱਖ ਦੀ ਪ੍ਰੀਭਾਸ਼ਾ ਨੂੰ ਇੱਥੋਂ ਤੱਕ ਸੀਮਤ ਕਰ ਦਿੱਤਾ ਗਿਆ ਕਿ ਕ੍ਰੋੜਾਂ ਸਿੱਖ ਕਹਾਉਂਦੇ ਲੋਕ, ਵਿਅਕਤੀ ਦੀ ਬਾਹਰੀ ਦਿੱਖ ਜਾਂ ਪਹਿਰਾਵੇ ਦੇ ਨਾਮ ਹੇਠ ਬਾਹਰ ਧੱਕ ਦਿੱਤੇ ਗਏ। ਹੁਣ 1984 ਤੋਂ ਬਾਅਦ ਪਨਪੀ ਨਵੀਂ ਸਿੱਖੀ ਤਹਿਤ ਹੌਲੀ-ਹੌਲੀ ਸਿਰਫ ‘ਅੰਮ੍ਰਿਤਧਾਰੀ’ ਵਿਅਕਤੀ ਹੀ ਸਿੱਖ ਹੋਣੇ ਚਾਹੀਦੇ ਹਨ, ਬਾਕੀ ਸਭ ਨੂੰ ਬਾਹਰ ਧੱਕਿਆ ਜਾ ਰਿਹਾ ਹੈ। ਜਿਸਦਾ ਇੱਕ ਪਾਸੇ ਨਤੀਜਾ ਇਹ ਨਿਕਲ ਰਿਹਾ ਹੈ ਕਿ ਕੋਈ ਵੀ ਨਿੱਜੀ ਗਰਜਾਂ ਤੇ ਲਾਲਸਾਵਾਂ ਦਾ ਮਾਰਿਆ ਸਵਾਰਥੀ ਤੇ ਮੌਕਾਪ੍ਰਸਤ ਵਿਅਕਤੀ ਕਿਸੇ ਵੀ ਸਿੱਖ ਸੰਸਥਾ ਵਿੱਚ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਤੱਕ ‘ਸਿਰਫ ਬਾਹਰੀ ਸਰੀਰਕ ਦਿੱਖ, ਪਹਿਰਾਵੇ ਤੇ ਕਕਾਰਾਂ ਆਸਰੇ’ ਪਹੁੰਚ ਸਕਦਾ ਹੈ। ਦੂਜੇ ਪਾਸੇ ਇਸ ਨਾਲ਼ ‘ਸਿੱਖੀ ਕਿਰਦਾਰ’ ਸਿੱਖ ਸਮਾਜ ਵਿੱਚੋਂ ਅਲੋਪ ਹੋ ਰਿਹਾ ਹੈ?
ਵਿਦੇਸ਼ਾਂ ਵਿੱਚ ਵੀ ਕੁਝ ਧੜੇ ਗੁਰਦੁਆਰਿਆਂ ‘ਤੇ ਕਬਜੇ ਲਈ ਇਸੇ ਹਥਿਆਰ ਨੂੰ ਵਰਤ ਰਹੇ ਹਨ। ਇਨ੍ਹਾਂ ਅਨੁਸਾਰ ‘ਵੋਟ ਤੇ ਨੋਟ’ ਲਈ ਹਰ ਵਿਅਕਤੀ ਸਿੱਖ ਹੈ, ਉਹ ਆਪਣੀਆਂ ਸਮਾਜਿਕ ਜਾਂ ਧਾਰਮਿਕ ਰੀਤਾਂ, ਰਸਮਾਂ ਗੁਰਦੁਆਰਿਆਂ ਵਿੱਚ ਨੀਯਤ ਫੀਸ ਦੇ ਕੇ ਕਰਾ ਸਕਦਾ ਹੈ, ਪਰ ਉਸਨੂੰ ਗੁਰਦੁਆਰਾ ਸਿਆਸਤ ਵਿੱਚ ਨਾ ਹਿੱਸਾ ਲੈਣ ਅਤੇ ਨਾ ਹੀ ਕੋਈ ਅਹੁਦਾ ਲੈਣ ਦਾ ਅਧਿਕਾਰੀ ਹੈ। ਇਹ ਸਾਰੇ ਹੱਕ ਸਿਰਫ ਅੰਮ੍ਰਿਤਧਾਰੀਆਂ ਲਈ ਰਾਖਵੇਂ ਹੋਣੇ ਚਾਹੀਦੇ ਹਨ। ਉਪਰਲੇ ‘ਸਿੱਖ ਗੁਰਦੁਆਰਾ ਐਕਟ’ ਵਿੱਚ ਵੀ ਅਕਾਲੀਆਂ ਨੇ ਆਪਣੇ ਆਪ ਨੂੰ ਪੰਥ ਦਾ ਵਾਹਿਦ ਵਾਰਿਸ ਪੇਸ਼ ਕਰਕੇ ਸਮੇਂ-ਸਮੇਂ ਆਪਣੇ ਹਿੱਤਾਂ ਅਨੁਸਾਰ ਮੌਕੇ ਦੀਆਂ ਸਰਕਾਰਾਂ ਨਾਲ਼ ਰਲ਼ ਕੇ ਕਈ ਫੇਰ ਬਦਲ ਕਰ ਲਏ ਹਨ। ਜਿਨ੍ਹਾਂ ਨੂੰ ਕਰਨ ਦਾ ਉਨ੍ਹਾਂ ਕੋਲ਼ ਕੋਈ ਅਧਿਕਾਰ ਨਹੀਂ ਸੀ? ਜਿਹੜੇ ਫੈਸਲੇ ਸਮੁੱਚੇ ਪੰਥ (ਪੰਥ ਦੀਆਂ ਨੁਮਇੰਦਾ ਸੰਸਥਾਵਾਂ) ਦੀ ਸਲਾਹ ਨਾਲ਼ ਹੋਣੇ ਚਾਹੀਦੇ ਸਨ, ਉਹ ਉਨ੍ਹਾਂ ਚੁੱਪ-ਚੁਪੀਤੇ ਕਰ ਲਏ ਹਨ। ਇੱਥੋਂ ਤੱਕ ਕਿ ਸਿੱਖ ਮਰਿਯਾਦਾ ਵਿੱਚ ਵੀ ਆਪਣੀ ਮਰਜੀ ਅਨੁਸਾਰ ਕਈ ਫੇਰ-ਬਦਲ ਕੀਤੇ ਗਏ ਹਨ।
ਪਿਛਲੇ ਸਮੇਂ ਵਿੱਚ ਅਕਾਲੀਆਂ ਨੇ ਭਾਜਪਾ ਦੀ ਮੱਦਦ ਨਾਲ਼ ‘ਸਹਿਜਧਾਰੀ’ ਦੇ ਨਾਮ ਹੇਠ ਬਹੁ-ਗਿਣਤੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦੇ ਅਧਿਕਾਰਾਂ ਤੋਂ ਵੀ ਵਾਂਝੇ ਕਰ ਦਿੱਤਾ ਸੀ। ਜਦਕਿ ਬਦਲੇ ਹਾਲਾਤਾਂ ਅਨੁਸਾਰ ਘੱਟੋ-ਘੱਟ ਸਿੱਖਾਂ ਦੇ ਘਰ ਜਨਮੇ ਬੱਚਿਆਂ ਨੂੰ ਤਾਂ ਸਿੱਖ ਰਹਿਣ ਦਾ ਅਧਿਕਾਰ ਹੋਣਾ ਚਾਹੀਦਾ ਸੀ, ਜੋ ਕਿ ਉਨ੍ਹਾਂ ਤੋਂ ਸਰੀਰਕ ਦਿੱਖ ਦੇ ਅਧਾਰ ‘ਤੇ ਖੋਹਿਆ ਜਾ ਰਿਹਾ ਹੈ।
ਜੇ ਆਮ ਸਿੱਖਾਂ ਨੇ ਗੁਰੂਆਂ ਦੇ ਸਿੱਖ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਹਿੱਤਾਂ ਅਨੁਸਾਰ ਸੰਘਰਸ਼ ਕਰਨਾ ਪਵੇਗਾ? ਜੇ ਉਹ ਅਜੇ ਸਿਰਫ ਇਤਨਾਂ ਹੀ ਕਰਨ ਕਿ ਇਨ੍ਹਾਂ ਦੀ ‘ਵੋਟ ਤੇ ਨੋਟ’ ਦੀ ਰਾਜਨੀਤੀ ਦਾ ਬਾਈਕਾਟ ਕਰ ਦੇਣ ਤਾਂ ਦੇਸ਼-ਵਿਦੇਸ਼ ਵਿੱਚ ਬਹੁਤ ਕੁਝ ਬਦਲ ਸਕਦਾ ਹੈ?
ਹਰਚਰਨ ਸਿੰਘ ਪ੍ਰਹਾਰ