ਜ਼ਿੰਦਗੀ ਦੇ ਹਰ ਪਲ ‘ਚ ਅਸਲ ਖੁਸ਼ੀ ਨੂੰ ਮਹਿਸੂਸ ਕਰਨ ਅਤੇ ਅੱਜ ਦੇ ਦਿਨ ਨੂੰ ਮਾਣਨ ਦਾ ਅਹਿਸਾਸ ਅਜਿਹਾ ਸਬਕ ਹੈ, ਜੋ ਜ਼ਿੰਦਗੀ ਦੇ ਹਰ ਮੋੜ ‘ਤੇ ਸਾਨੂੰ ਸਿਖਿਆ ਦਿੰਦਾ ਹੈ। ਅਕਸਰ ਅਸੀਂ ਚੰਗੇ ਦਿਨਾਂ ਦੀ ਉਡੀਕ ਕਰਦੇ-ਕਰਦੇ ਆਪਣੇ ਮੌਜੂਦਾ ਪਲਾਂ ਨੂੰ ਵੀ ਗੁਆ ਬੈਠਦੇ ਹਾਂ। ਇਸ ਹਕੀਕਤ ਨੂੰ ਸਮਝਣ ‘ਚ ਕਈ ਵਾਰ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਕਿ ਜਿਹੜੇ ਦਿਨ ਬੀਤ ਗਏ, ਉਹ ਹੀ ਸਾਡੇ ਲਈ ਚੰਗੇ ਦਿਨ ਸਨ।
ਅੱਜ ਨੂੰ ਮਾਣਨਾ ਕਿਉਂ ਜ਼ਰੂਰੀ ਹੈ, ਇਹ ਸਵਾਲ ਸਾਡੀ ਜਿੰਦਗ਼ੀ ਦੀਆਂ ਬਹੁਤੀਆਂ ਗੁਥੀਆਂ ਨੂੰ ਸੁਲਝਾ ਸਕਦਾ ਹੈ ਕਿਉਂਕਿ ਅੱਜ ਹੀ ਇੱਕ ਅਜਿਹਾ ਮੌਕਾ ਹੈ, ਜੋ ਕਦੇ ਮੁੜ ਨਹੀਂ ਆਵੇਗਾ। ਕਈ ਵਾਰ ਅਸੀਂ ਭਵਿੱਖ ਦੀ ਚਿੰਤਾ ‘ਚ ਆਪਣੇ ਵਰਤਮਾਨ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਉਦਾਹਰਨ ਵਜੋਂ, ਕਿਸੇ ਵਿਦਿਆਰਥੀ ਨੂੰ ਹੀ ਲੈ ਲਈਏ ਜੋ ਇਹ ਸੋਚਦਾ ਹੈ ਕਿ ਜਦੋਂ ਉਹ ਵਧੀਆ ਨੰਬਰ ਲਿਆਏਗਾ ਤਾਹੀਂ ਵਧੀਆ ਨੌਕਰੀ ਕਰੇਗਾ ਅਤੇ ਫੇਰ ਹੀ ਉਹ ਖੁਸ਼ ਹੋਵੇਗਾ। ਪਰ ਇਸ ਚਿੰਤਾ ਵਿੱਚ ਉਹ ਆਪਣੇ ਵਿਦਿਆਰਥੀ ਜੀਵਨ ਦੇ ਮਿੱਠੇ ਪਲਾਂ ਨੂੰ ਅਣਡਿੱਠਾ ਕਰ ਦੇਂਦਾ ਹੈ, ਜੋਕਿ ਮੁੜ ਨਹੀਂ ਆਉਣੇ।
ਸਮੇਂ ਦੀ ਇੱਕ ਅਜੀਬ ਗਲ੍ਹ ਹੈ। ਇਹ ਹਮੇਸ਼ਾ ਅੱਗੇ ਵਧਦਾ ਹੈ। ਸਾਡੇ ਕੋਲ ਓਸਨੂੰ ਪਿੱਛੇ ਮੋੜਕੇ ਵੇਖਣ ਦੀ ਕੋਈ ਤਾਕਤ ਨਹੀਂ। ਜੇਕਰ ਅਸੀਂ ਵਰਤਮਾਨ ਨੂੰ ਚੰਗੀ ਤਰ੍ਹਾਂ ਜ਼ਿੰਦਗ਼ੀ ਵਿੱਚ ਲਿਆਉਣ ਦਾ ਜਤਨ ਕਰੀਏ, ਤਾਂ ਸਾਨੂੰ ਭਵਿੱਖ ਦੀ ਚਿੰਤਾਂ ਕਰਨ ਦੀ ਲੋੜ ਨਹੀਂ ਪਵੇਗੀ। ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਸਾਡੀ ਖੁਸ਼ੀ ਕਿਸੇ ਵੱਡੇ ਮੌਕੇ ਜਾਂ ਕਿਸੇ ਵਿਸ਼ੇਸ਼ ਦਿਨ ਤੇ ਨਿਰਭਰ ਕਰਦੀ ਹੈ। ਪਰ ਸੱਚਾਈ ਇਹ ਹੈ ਕਿ ਖੁਸ਼ੀ ਸਿਰਫ਼ ਅੱਜ ਦੇ ਪਲ ਵਿੱਚ ਹੀ ਹੈ।
ਜਦੋਂ ਅਸੀਂ ਅੱਜ ਨੂੰ ਮਾਣਦੇ ਹਾਂ, ਓਦੋਂ ਹੀ ਸਾਡੀ ਜ਼ਿੰਦਗੀ ਦਾ ਹਰ ਪਲ ਕੀਮਤੀ ਬਣ ਜਾਂਦਾ ਹੈ। ਜੇ ਅਸੀਂ ਆਪਣੇ ਅੱਜ ਨੂੰ ਖੁਸ਼ਹਾਲ ਬਣਾਵਾਂਗੇ, ਤਾਂ ਬੀਤੇ ਦਿਨ ਆਪਣੇ ਆਪ ਚੰਗੇ ਬਣ ਜਾਣਗੇ।
ਸੋ ਅੱਜ ਹੀ ਸਾਨੂੰ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਵਰਤਮਾਨ ਪਲਾਂ ਦਾ ਮਾਣ ਕਰਾਂਗੇ। ਚੰਗੇ ਦਿਨਾਂ ਦੀ ਉਡੀਕ ਛੱਡਕੇ ਅਸੀਂ ਅੱਜ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਜੇਕਰ ਅਸੀਂ ਆਪਣੇ ਆਪ ਨੂੰ ਅੱਜ ਦੇ ਦਿਨ ਲਈ ਸਮਰਪਿਤ ਕਰਾਂਗੇ, ਤਾਂ ਸਾਡਾ ਹਰ ਦਿਨ, ਹਰ ਪਲ ਚੰਗਾ ਬਣ ਜਾਵੇਗਾ ਫੇਰ ਹਰ ਖ਼ੁਸ਼ੀ ਸਾਡੇ ਕਦਮਾਂ ‘ਚ ਹੋਵੇਗੀ।