ਪੰਜਾਬੀ ਗੀਤਾਂ ਨੇ ਹਮੇਸ਼ਾਂ ਹੀ ਲੋਕਧਾਰਾ, ਪਰੰਪਰਾ ਅਤੇ ਸੱਭਿਆਚਾਰ ਨੂੰ ਆਪਣੀ ਸੁਰੀਲੀ ਧੁਨ ‘ਚ ਪੇਸ਼ ਕੀਤਾ ਹੈ। ਇਹ ਗੀਤ ਸਾਡੀ ਮਿੱਟੀ ਦੀ ਖੁਸ਼ਬੂ, ਜਜਬਾਤਾਂ ਦਾ ਅਹਿਸਾਸ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਬਿਆਨ ਕਰਦੇ ਆਏ ਹਨ। ਇਨ੍ਹਾਂ ਵਿੱਚ ਰੁਮਾਲ ਇੱਕ ਖਾਸ ਪ੍ਰਤੀਕ ਦੇ ਰੂਪ ਵਿੱਚ ਸਾਂਝੀ ਰੁਹਾਨੀਅਤ ਅਤੇ ਪਿਆਰ ਨੂੰ ਦਰਸਾਉਂਦਾ ਹੈ। ਪ੍ਰੇਮ ਤੋਂ ਲੈਕੇ ਗਹਿਰੇ ਵਿਛੋੜੇ ਤੱਕ, ਪੰਜਾਬੀ ਗੀਤਾਂ ਵਿੱਚ ਰੁਮਾਲ ਦੀ ਕਹਾਣੀ ਕਈ ਰੰਗਾਂ ਵਿੱਚ ਸਾਨੂੰ ਸੁਣਨ ਨੂੰ ਮਿਲਦੀ ਹੈ।
ਦੂਰਦਰਸ਼ਨ ਦੇ ਸੁਨਹਿਰੀ ਦਿਨਾਂ ‘ਚ ਗਾਇਕਾ ਰੰਜਨਾ ਮੇਵੀ ਦਾ ਗਇਆ “ਦਿਲ ਲੈ ਗਿਆ ਨੀ ਕੋਈ ਦਿਲ ਲੈ ਗਿਆ, ਸੋਹਣਾ ਸਾਵਲ ਬਲੋਚ ਡਾਚੀ ਵਾਲਾ ਰੁਮਾਲ ਦੀ ਨਿਸ਼ਾਨੀ ਦੇ ਗਿਆ” ਵਰਗੇ ਗੀਤ ਸੁਣਨ ਵਾਲਿਆਂ ਦੇ ਦਿਲਾਂ ‘ਚ ਵੱਖਰਾ ਹੀ ਪਿਆਰ ਜਗਾਉਂਦੇ ਸਨ। ਇਸ ਗੀਤ ਵਿੱਚ ਰੁਮਾਲ ਨੂੰ ਪ੍ਰੇਮ ਦੀ ਇੱਕ ਅਮੁੱਲੀ ਨਿਸ਼ਾਨੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਪਿਆਰ ਦੀ ਸ਼ੁਰੂਆਤ ਅਤੇ ਉਸ ਦੀ ਮਿੱਠੀ ਯਾਦ ਦੀ ਇਹ ਪੇਸ਼ਕਸ਼ ਰੁਮਾਲ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।
ਗੁਲਸ਼ਨ ਕੋਮਲ ਦੇ ਮਸ਼ਹੂਰ ਗੀਤ “ਕੱਢਣਾ ਰੁਮਾਲ ਦੇ ਗਿਓਂ, ਆਪ ਬਹਿ ਗਿਓਂ ਵਲੈਤ ਵਿਚ ਜਾਕੇ” ਵਿੱਚ ਰੁਮਾਲ ਪਿਆਰ ਦੇ ਅਹਿਸਾਸਾਂ ਅਤੇ ਵਿਛੋੜੇ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਇਹ ਗੀਤ ਵਿਦੇਸ਼ਾਂ ਵਿੱਚ ਜਾ ਬੈਠੇ ਪਿਆਰਿਆਂ ਦੀ ਯਾਦ ਦਿਲਾਉਂਦਾ ਹੈ, ਜਿਥੇ ਰੁਮਾਲ ਪਿਆਰ ਦੀ ਨਿਸ਼ਾਨੀ ਬਣਦਾ ਹੈ ਉੱਥੇ ਹੀ ਰੁਮਾਲ ਪਿੰਡ ਤੋਂ ਪਰਦੇਸ ਤੱਕ ਦਿਲਾਂ ਦੀਆਂ ਦੂਰੀਆਂ ਨੂੰ ਪੂਰਾ ਕਰਨ ਦਾ ਇੱਕ ਜਰੀਆ ਵੀ ਬਣਦਾ ਹੈ।
ਪੰਜਾਬੀ ਫਿਲਮਾਂ ਵਿੱਚ ਵੀ ਰੁਮਾਲ ਦਾ ਜ਼ਿਕਰ ਕਈ ਰੰਗਾਂ ਵਿੱਚ ਕੀਤਾ ਗਿਆ ਹੈ। ਫਿਲਮ ਸਰਦਾਰ ਜੀ 2 ਦਾ ਦਲਜੀਤ ਦੁਸਾਂਝ ਵੱਲੋਂ ਗਾਇਆ ਗੀਤ “ਗੱਭਰੂ ਦਾ ਚੈਨ ਗਿਆ, ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ” ਇੱਕ ਦਿਲਕਸ਼ ਉਦਾਹਰਣ ਹੈ। ਇਸ ਗੀਤ ਵਿੱਚ ਰੁਮਾਲ ਨੂੰ ਪਿਆਰ ਦੇ ਨਾਲ-ਨਾਲ ਚਾਹਤ ਦੇ ਰੂਪ ਵਜੋਂ ਵੀ ਪੇਸ਼ ਕੀਤਾ ਗਿਆ ਹੈ। ਗੱਭਰੂ ਦੀਆਂ ਬੇਕਰਾਰ ਅੱਖਾਂ ਅਤੇ ਉਸ ਦੇ ਦਿਲ ਦੀ ਹਾਲਤ ਨੂੰ ਰੁਮਾਲ ਜ਼ਰੀਏ ਬਿਆਨ ਕੀਤਾ ਗਿਆ ਹੈ।
ਰੁਮਾਲ ਪੰਜਾਬੀ ਲੋਕਧਾਰਾ ਵਿੱਚ ਸਿਰਫ਼ ਕਪੜੇ ਦਾ ਟੁਕੜਾ ਹੀ ਨਹੀਂ ਹੈ। ਇਹ ਪ੍ਰੇਮ ਅਤੇ ਯਾਦਾਂ ਦਾ ਪ੍ਰਤੀਕ ਵੀ ਹੈ। ਕਈ ਵਾਰ ਇਹ ਮਿੱਤਰਤਾ ਦੀ ਪੇਸ਼ਕਾਰੀ ਵਜੋਂ ਵੀ ਵਰਤਿਆ ਜਾਂਦਾ ਹੈ, ਤਾਂ ਕਈ ਵਾਰ ਇਹ ਵਿਛੋੜੇ ਦਾ ਦਰਦ ਬਿਆਨ ਕਰਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਰੁਮਾਲ ਦਾ ਵਰਤਾਵ ਸਾਨੂੰ ਸਮਾਜ ਦੇ ਸੰਗੀਤਮਈ ਚਿੱਤਰ ਨੂੰ ਸਮਝਣ ਦਾ ਮੌਕਾ ਦਿੰਦਾ ਹੈ। ਜਿਵੇਂ ਰੰਜਨਾ ਮੇਵੀ ਦਾ ਗੀਤ ਪਿਆਰ ਦੀ ਨਿਸ਼ਾਨੀ ਦਰਸਾਉਂਦਾ ਹੈ, ਗੁਲਸ਼ਨ ਕੋਮਲ ਦਾ ਗੀਤ ਵਿਛੋੜੇ ਦੇ ਅਹਿਸਾਸ ਨੂੰ ਯਾਦ ਕਰਾਉਂਦਾ ਹੈ। ਇਸੇ ਤਰ੍ਹਾਂ ਦਲਜੀਤ ਦੁਸਾਂਝ ਦਾ ਗੀਤ ਪਿਆਰ ਦੀ ਮਿਠਾਸ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਸਾਡੇ ਸੱਭਿਆਚਾਰ ‘ਚ ਬਹੁਤ ਸਾਰੇ ਨਵੇਂ-ਪੁਰਾਣੇ ਗੀਤ, ਟੱਪੇ ਅਤੇ ਲੋਕ ਬੋਲੀਆਂ ਰੁਮਾਲ ਨੂੰ ਲੰਬੇ ਸਮੇਂ ਤੋ ਹੀ ਅਲੱਗ-ਅਲੱਗ ਰੰਗਾਂ ‘ਚ ਪੇਸ਼ ਕਰ ਰਹੀਆਂ ਹਨ।
ਹਾਲਾਂਕਿ ਰੁਮਾਲ ਪੰਜਾਬੀ ਗੀਤਾਂ ‘ਚ ਇੱਕ ਮਾਮੂਲੀ ਜਹੀ ਨਿਸ਼ਾਨੀ ਲੱਗ ਸਕਦਾ ਹੈ, ਪਰ ਇਸ ਦੀ ਗਹਿਰਾਈ ਅਤੇ ਅਹਿਸਾਸਾਂ ਨੂੰ ਵੇਖਣਾ ਕਾਬਲੇ-ਤਾਰੀਫ਼ ਹੈ। ਇਹ ਗੀਤ ਸਿਰਫ਼ ਮਨੋਰੰਜਨ ਨਹੀਂ, ਸਗੋਂ ਸੱਭਿਆਚਾਰ ਦੀ ਵਿਰਾਸਤ ਹਨ। ਪੰਜਾਬੀ ਸੰਗੀਤ ਰੁਮਾਲ ਦੀ ਕਹਾਣੀ ਨੂੰ ਕਈ ਰੰਗਾਂ ਵਿੱਚ ਪੇਸ਼ ਕਰਦਾ ਹੈ।
ਰੁਮਾਲ, ਪੰਜਾਬੀ ਗੀਤਾਂ ਦੇ ਇਸ ਰੰਗੀਲੇ ਜਹਾਨ ਵਿੱਚ, ਸਿਰਫ਼ ਸਜਾਵਟ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਨਿਸ਼ਾਨੀ ਬਣ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਵੀ ਇਹ ਗੀਤ ਸਾਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੇ ਹਨ, ਜਿਥੇ ਰੁਮਾਲ ਪਿਆਰ, ਮਿੱਤਰਤਾ ਅਤੇ ਯਾਦਾਂ ਦੀ ਇੱਕ ਅਮਿੱਟ ਮਿੱਠੀ ਛਾਪ ਛੱਡ ਜਾਂਦਾ ਹੈ।
ਬਲਦੇਵ ਸਿੰਘ ਬੇਦੀ