ਕਿਸਾਨ ਅੰਦੋਲਨ ‘ਤੇ ਮੁੱਖ ਮੰਤਰੀ ਮਾਨ ਨੇ ਘੇਰੀ ਕੇਂਦਰ ਸਰਕਾਰ

ਕਿਸਾਨ ਅੰਦੋਲਨ ‘ਤੇ ਮੁੱਖ ਮੰਤਰੀ ਮਾਨ ਨੇ ਘੇਰੀ ਕੇਂਦਰ ਸਰਕਾਰ

ਚੰਡੀਗੜ੍ਹ- ਐਮਐਸਪੀ ਨੂੰ ਲੈਕੇ ਅਤੇ ਹੋਰਨਾਂ ਮੰਗਾਂ ਨੂੰ ਲੈਕੇ ਪਿਛਲੇ 29 ਦਿਨ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੁੰ ਲੈਕੇ ਹਰ ਕੋਈ ਫਿਕਰਮੰਦ ਹੈ, ਪਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅਜੇ ਤੱਕ ਅੱਗੇ ਨਹੀਂ ਆਈ । ਉੱਥੇ ਹੀ, ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ‘ਚ ਮੁੱਦਾ ਚੁੱਕਦੇ ਹੋਏ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਿਹਾ ਕਿ “ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜ਼ਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ-ਬਾਤ ਦਾ ਰਾਹ ਖੋਲਣਾ ਚਾਹੀਦਾ ਹੈ…ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ..ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ?? ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ 200 ਕਿੱਲੋਮੀਟਰ ‘ਤੇ ਬੈਠੇ ਅੰਨਦਾਤਿਆਂ ਨਾਲ ਨਹੀੰ ਗੱਲ ਕਰ ਸਕਦੇ ? ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ..”

ਦਰਅਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹਨੀਂ ਦਿਨੀਂ ਵਿਦੇਸ਼ ਦੌਰੇ ‘ਤੇ ਹਨ। ਉਹ ਰੂਸ ਅਤੇ ਕੁਵੈਤ ਗਏ ਹੋਏ ਹਨ, ਜਿੱਥੇ ਉਹਨਾਂ ਵੱਲੋਂ ਡੈਲੀਕੇਟਸ ਨਾਲ ਮੁਲਾਕਤ ਕਰਕੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਤੰਜ ਕੱਸਿਆ ਹੈ । ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਰੂਸ ਜਾ ਕੇ ਜੰਗ ਰੁਕਵਾ ਸਕਦੇ ਹਨ, ਤਾਂ ਫਿਰ 200 ਕਿਲੋਮੀਟਰ ਦੀ ਦੂਰੀ ‘ਤੇ ਬੈਠੇ ਅੰਨਦਾਤਿਆਂ ਨਾਲ ਗੱਲ ਕਿਉ ਨਹੀਂ ਕਰਦੇ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਕਿਹੜੀ ਤਪੱਸਿਆ ਕਰਨੀ ਹੈ।

ਦੱਸਣਯੋਗ ਹੈ ਕਿ ਅੱਜ ਕਿਸਾਨੀ ਮੁੱਦੇ ‘ਤੇ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ ਅਤੇ ਵਾਰ ਪਲਟਵਾਰ ਜਾਰੀ ਹੈ। ਇਸ ਤਹਿਤ ਭਾਜਪਾ ਵੱਲੋਂ ਜਿਥੇ ਭਗਵੰਤ ਮਾਨ ਨੂੰ ਲੈਕੇ ਟਵੀਟ ਕੀਤਾ ਗਿਆ ਤਾਂ ਉਥੇ ਹੀ ਭਾਜਪਾ ਆਗੂ ਵਿਜੈ ਸਾਂਪਲਾ ਨੇ ਵੀ ਸ਼ਬਦੀ ਵਾਰ ਕੀਤੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਣ ਵਾਲੇ ਭਗਵੰਤ ਮਾਨ ਆਪ ਵੀ ਤਾਂ ਆਸਟ੍ਰੇਲੀਆ ਜਾ ਰਹੇ ਹਨ, ਉਹ ਕਿਸਾਨਾਂ ਕੋਲ ਕਿਊਂ ਨਹੀਂ ਪਹੁੰਚੇ। ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪ ਜਾ ਕੇ ਡੱਲੇਵਾਲ ਦਾ ਮਰਨ ਵਰਤ ਕਿਊਂ ਨਹੀਂ ਤੁੜਵਾ ਰਹੇ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਗੱਲ ਕਰਨ ਦਾ ਪਹਿਲਾਂ ਫਰਜ਼ ਪੰਜਾਬ ਦੇ ਮੁੱਖ ਮੰਤਰੀ ਦਾ ਬਣਦਾ ਹੈ।

ਸਾਂਪਲਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਆਪਣਾ ਆਸਟ੍ਰੇਲੀਆ ਜਾਣ ਦਾ ਫੈਸਲਾ ਬਦਲ ਕੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਸਾਂਪਲਾ ਨੇ ਤੰਜ ਕਸਦ ਹੋਏ ਕਿਹਾ ਕਿ “ਵੱਧ ਤੋਂ ਵੱਧ ਸੀਐਮ ਮਾਨ ਦੀ ਜਹਾਜ਼ ਦੀ ਟਿਕਟ ਦਾ ਹੀ ਨੁਕਸਾਨ ਹੋਵੇਗਾ ਉਹ ਭਾਜਪਾ ਭਰ ਦੇਵੇਗੀ।”

ਦੱਸ ਦਈਏ ਖਨੌਰੀ ਬਾਰਡਰ ਉੱਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 29ਵੇਂ ਦਿਨ ਦੀ ਮੈਡੀਕਲ ਰਿਪੋਰਟ ਦੀ ਗੱਲ ਕੀਤੀ ਜਾਵੇ, ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਗੁਰ ਪਰਵੇਸ਼ ਨੇ ਮੀਡੀਆ ਨੂੰ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਰਾਤ ਦੀ ਨੀਂਦ ਘੱਟ ਗਈ ਹੈ। ਉਨ੍ਹਾਂ ਨੂੰ ਨੀਂਦ ਘਟ ਆ ਰਹੀ ਹੈ ਅਤੇ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਉਨ੍ਹਾਂ ਦਾ ਬੀਪੀ ਕੱਲ ਤੋਂ ਵੀ 10 ਪੁਆਇੰਟ ਥੱਲੇ ਆ ਚੁੱਕਾ ਹੈ। ਕਿਸੇ ਵੀ ਸਮੇਂ ਕੋਈ ਵੀ ਸਰੀਰ ਦਾ ਅੰਗ ਫੇਲ੍ਹ ਹੋ ਸਕਦਾ ਹੈ। ਡਾਕਟਰਾਂ ਮੁਤਾਬਿਕ ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ।

ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਦੇ ਕਿਸਾਨ ਫ਼ਸਲਾਂ ਦੀ ਖ਼ਰੀਦ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈਕੇ ਕੜਾਕੇ ਦੀ ਠੰਢ ਅਤੇ ਬਰਸਾਤ ਵਿੱਚ ਵੀ ਉਹ ਹਰਿਆਣਾ-ਪੰਜਾਬ ਨੂੰ ਜੋੜਨ ਵਾਲੀ ਖਨੌਰੀ ਸਰਹੱਦ ’ਤੇ ਡਟ ਕੇ ਖੜ੍ਹੇ ਹਨ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ (SKM) ਸ਼ੰਭੂ-ਖਨੌਰੀ ਸਰਹੱਦੀ ਅੰਦੋਲਨ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਅੱਜ ਲਿਆ ਜਾਵੇਗਾ। ਇਸ ਲਈ ਹਫ਼ਤੇ ਵਿੱਚ ਦੂਜੀ ਵਾਰ ਚੰਡੀਗੜ੍ਹ ਵਿੱਚ ਅੰਦੋਲਨਕਾਰੀਆਂ ਤੇ SKM ਆਗੂਆਂ ਦੀ ਮੀਟਿੰਗ ਹੋ ਰਹੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੇਂਦਰ ਸਰਕਾਰ ਨੂੰ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।

Share: